ਸੰਗਰੂਰ : ਪਸ਼ੂਆਂ 'ਚ ਫੈਲ ਰਹੀ ਚਮੜੀ ਦੀ ਬਿਮਾਰੀ ਲੰਪੀ ਬਾਰੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਬਿਮਾਰੀ ਪ੍ਰਤੀ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਇਸ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਇਸ ਬਿਮਾਰੀ ਦੇ ਇਲਾਜ ਲਈ ਸਾਰੇ ਡਾਕਟਰ ਤਿਆਰ-ਬਰ-ਤਿਆਰ ਹਨ । ਮੰਤਰੀਆਂ ਵੱਲੋਂ ਖੁਦ ਸਥਿਤੀ  'ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਇਸ ਨੂੰ ਫੈਲਣ ਤੋਂ ਰੋਕਣ ਲਈ ਹਰ ਕਦਮ ਚੁੱਕੇ ਜਾਣਗੇ। 



ਸੰਗਰੂਰ ਪਹੁੰਚੇ ਵਿੱਤ ਮੰਤਰੀ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸ਼ੁਰੂ ਕੀਤੀ ਫੋਨ ਮੁਹਿੰਮ ਦੀ ਤਾਰੀਫ ਵੀ ਕੀਤੀ । ਉਹਨਾਂ ਕਿਹਾ ਕਿ ਰਾਘਵ ਚੱਢਾ ਦਾ ਕੰਮ ਬਹੁਤ ਸ਼ਲਾਘਾਯੋਗ ਹੈ ਅਤੇ ਹੁਣ ਇਸ ਨੰਬਰ ਰਾਹੀਂ ਉਹਨਾਂ ਵੱਲੋਂ ਪੰਜਾਬ ਦੇ ਹਰ ਤਰ੍ਹਾਂ ਦੇ ਮੁੱਦੇ ਰਾਜ ਸਭਾ ਵਿੱਚ ਚੁੱਕੇ ਜਾਣਗੇ। 



ਬਰਸਾਤ ਕਾਰਨ ਸਕੂਲਾਂ 'ਚ ਖੜ੍ਹੇ ਪਾਣੀ 'ਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲੇ ਬਜਟ 'ਚ ਹੀ ਸਿਹਤ ਅਤੇ ਸਿੱਖਿਆ 'ਤੇ ਜ਼ੋਰ ਦਿੱਤਾ ਹੈ, ਜਿਸ ਤਹਿਤ 57 ਫੀਸਦੀ ਮੈਡੀਕਲ ਸਿੱਖਿਆ ਅਤੇ ਸੰਤਾਲੀ ਫੈਸੀਲੀਟੇਸ਼ਨ ਤੋਂ ਇਲਾਵਾ ਤਕਨੀਕੀ ਸਿੱਖਿਆ 'ਤੇ ਵੱਡੇ ਪ੍ਰਬੰਧ ਕੀਤੇ ਗਏ ਹਨ।ਵਿੱਤ ਮੰਤਰੀ ਚੀਮਾ ਨੇ ਵੀ ਕਿਹਾ ਕਿ ਸਰਕਾਰ ਬਣੀ ਨੂੰ ਕੁਝ ਮਹੀਨੇ ਹੀ ਹੋਏ ਹਨ ਪਰ ਸਕੂਲਾਂ ਦੀਆਂ ਨਵੀਆਂ ਇਮਾਰਤਾਂ ਅਤੇ ਚਾਰਦੀਵਾਰੀ ਬਣਾਉਣ ਲਈ ਫੰਡ ਰੱਖੇ ਗਏ ਹਨ।


ਗੋਟ ਪੌਕਸ ਦਵਾਈ ਦੀਆਂ 66,666 ਡੋਜ਼ ਮੰਗਵਾਈਆਂ


ਲੰਪੀ ਸਕਿੱਨ ਤੋਂ ਪਸ਼ੂਆਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੇ ਗੋਟ ਪੌਕਸ ਦਵਾਈ ਦੀਆਂ 66,666 ਡੋਜ਼ ਮੰਗਵਾਈਆਂ ਹਨ, ਜੋ ਸੂਬੇ ਦੇ ਸਿਹਤਮੰਦ ਪਸ਼ੂਆਂ ਨੂੰ ਮੁਫ਼ਤ ਲਾਈ ਜਾਵੇਗੀ ਤਾਂ ਜੋ ਬੀਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ।


ਇਹ ਜਾਣਕਾਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਹਲਕਾ ਖੇਮਕਰਨ ਦੇ ਪਿੰਡ ਮਾਣਕਪੁਰਾ, ਗਿੱਲ ਡੇਅਰੀ ਫਾਰਮ ਮਾੜੀ ਬੋਹੜ ਵਾਲੀ, ਪਿੰਡ ਮਦਰ ਅਤੇ ਗਿੱਲ ਡੇਅਰੀ ਫਾਰਮ ਮਦਰ, ਪਿੰਡ ਭੰਡਾਲ ਅਤੇ ਸੰਧੂ ਡੇਅਰੀ ਫਾਰਮ ਬਹਿੜਵਾਲ ਦਾ ਤੂਫਾਨੀ ਦੌਰਾ ਕਰਨ ਮੌਕੇ ਦਿੱਤੀ।


ਪੰਜਾਬ ਦੇ ਦੌਰੇ ਦੇ ਲਗਾਤਾਰ ਤੀਜੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਹੈਦਰਾਬਾਦ ਤੋਂ ਉਚੇਚੇ ਤੌਰ 'ਤੇ ਮੰਗਵਾਈ ਗਈ ਇਹ ਦਵਾਈ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਭੇਜੀ ਜਾ ਚੁੱਕੀ ਹੈ ਅਤੇ ਡਾਕਟਰਾਂ ਨੇ ਦਵਾਈ ਨੂੰ ਸਿਹਤਮੰਦ ਪਸ਼ੂਆਂ ਨੂੰ ਲਾਉਣਾ ਸ਼ੁਰੂ ਕਰ ਦਿੱਤਾ ਹੈ।


ਉਨ੍ਹਾਂ ਕਿਹਾ ਕਿ ਸਿਹਤਮੰਦ ਪਸ਼ੂਆਂ ਨੂੰ ਬੀਮਾਰੀ ਤੋਂ ਬਚਾਉਣ ਲਈ ਇਹ ਦਵਾਈ ਪਸ਼ੂਆਂ ਨੂੰ ਮੁਫ਼ਤ ਲਗਾਈ ਜਾ ਰਹੀ ਹੈ।