ਚੰਡੀਗੜ੍ਹ: ਪੰਜਾਬ ਪੁਲਿਸ ਨੇ ਹੁਣ ਕੈਨੇਡਾ ਸਥਿਤ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਮੁਖੀ ਹਰਦੀਪ ਸਿੰਘ ਨਿੱਝਰ ਨੂੰ ਵੀ ਭਾਰਤ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਕਾਫੀ ਸਮੇਂ ਤੋਂ ਹਰਦੀਪ ਸਿੰਘ ਨਿੱਝਰ ਲੋੜੀਂਦਾ ਹੈ। ਐਨਆਈਏ ਨੇ ਇਸ ਸਾਲ ਜੁਲਾਈ 'ਚ ਨਿੱਝਰ 'ਤੇ 10 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਵੀ ਕੀਤਾ ਹੈ। 


 


ਦੱਸ ਦਈੇ ਕਿ ਨਿੱਝਰ 'ਤੇ ਪਿਛਲੇ ਸਾਲ ਪੰਜਾਬ ਦੇ ਜਲੰਧਰ 'ਚ ਇੱਕ ਹਿੰਦੂ ਪੁਜਾਰੀ ਦੀ ਹੱਤਿਆ ਦਾ ਦੋਸ਼ ਹੈ। ਹਾਸਲ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਨਿੱਝਰ ਨੂੰ ਭਾਰਤ ਲਿਆਉਣ ਲਈ ਕੈਨੇਡਾ ਸਰਕਾਰ ਨੂੰ ਪੱਤਰ ਲਿਖ ਕੇ ਉਸ ਦੀ ਗ੍ਰਿਫਤਾਰੀ ਤੇ ਹਵਾਲਗੀ ਦੀ ਮੰਗ ਕੀਤੀ ਹੈ। ਮੂਲ ਰੂਪ ਤੋਂ ਜਲੰਧਰ ਦੇ ਵਾਸੀ ਹਰਦੀਪ ਸਿੰਘ ਨਿੱਝਰ ਸਮੇਤ ਉਸ ਦੇ ਤਿੰਨ ਹੋਰ ਸਾਥੀਆਂ ਖਿਲਾਫ ਵੀ ਐਨਆਈਏ ਵੱਲੋਂ ਚਾਰਜਸੀਟ ਦਾਇਰ ਕੀਤੀ ਗਈ ਹੈ। 



ਨਿੱਝਰ 'ਤੇ ਇਲਜ਼ਾਮ ਹਨ ਕਿ ਉਸ ਨੇ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਮੁਗਲ ਮਾਜਰੀ ਦੇ ਵਸਨੀਕ ਪਰਮਿੰਦਰ ਕਾਲਾ ਨੂੰ ਰਾਜ ਵਿੱਚ ਇੱਕ KTF ਮੌਡਿਊਲ ਸਥਾਪਤ ਕਰਨ ਲਈ ਪ੍ਰੇਰਿਤ ਕੀਤਾ। ਪਰਮਿੰਦਰ ਨੇ ਇਹ ਮਾਡਿਊਲ ਬਾਬਾ ਪਿਆਰਾ ਸਿੰਘ ਭਨਿਆਰਾਵਾਲਾ ਤੇ ਸ਼ਿਵ ਸੈਨਾ ਆਗੂ ਸੰਜੀਵ ਘਨੌਲੀ ਨੂੰ ਉਨ੍ਹਾਂ ਦੀਆਂ ਕਥਿਤ ਸੰਪਰਦਾਇਕ ਗਤੀਵਿਧੀਆਂ ਲਈ ਨਿਸ਼ਾਨਾ ਬਣਾਉਣ ਲਈ ਬਣਾਇਆ ਸੀ।


ਹਰਦੀਪ ਸਿੰਘ ਨਿੱਝਰ 'ਤੇ ਅੱਤਵਾਦੀ ਗਤੀਵਿਧੀਆਂ ਦਾ ਦੋਸ਼ ਹੈ। ਕਿਹਾ ਜਾ ਰਿਹਾ ਹੈ ਕਿ ਨਿੱਝਰ ਪੰਜਾਬ 'ਚ ਮੁੜ ਅੱਤਵਾਦ ਫੈਲਾਉਣ ਦਾ ਕੰਮ ਕਰ ਰਿਹਾ ਹੈ। ਨਿੱਝਰ ਦੀ ਹਵਾਲਗੀ ਦੀ ਮੰਗ 23 ਜਨਵਰੀ 2015 ਨੂੰ ਜਾਰੀ ਲੁੱਕਆਊਟ ਸਰਕੂਲਰ (ਐਲਓਸੀ) ਤੇ 14 ਮਾਰਚ 2016 ਨੂੰ ਜਾਰੀ ਕੀਤੇ ਰੈੱਡ ਕਾਰਨਰ ਨੋਟਿਸ ਦੇ ਅਨੁਸਾਰ ਹੈ।


1 ਜੁਲਾਈ, 2020 ਨੂੰ, ਨਿੱਝਰ ਨੂੰ ਭਾਰਤ ਸਰਕਾਰ ਵੱਲੋਂ  8 ਹੋਰਾਂ ਦੇ ਨਾਲ ਇੱਕ ਮਨੋਨੀਤ ਅੱਤਵਾਦੀ ਘੋਸ਼ਿਤ ਕੀਤਾ ਗਿਆ ਸੀ। ਪੰਜਾਬ ਪੁਲਿਸ ਵੱਲੋਂ ਤਿਆਰ ਕੀਤੇ ਡੋਜ਼ੀਅਰ ਤੋਂ ਪਤਾ ਚੱਲਦਾ ਹੈ ਕਿ ਨਿੱਝਰ 2012 ਵਿੱਚ ਪਾਕਿਸਤਾਨ ਸਥਿਤ ਜਗਤਾਰ ਸਿੰਘ ਤਾਰਾ ਦਾ ਕਰੀਬੀ ਸਾਥੀ ਸੀ। ਉਹ ਤਾਰਾ ਨੂੰ ਮਿਲਣ ਲਈ ਅਪ੍ਰੈਲ 2012 'ਚ ਪਾਕਿਸਤਾਨ ਗਿਆ ਸੀ।


ਇੱਕ ਮੀਡੀਆ ਰਿਪੋਰਟ ਵਿੱਚ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਨਿੱਝਰ ਪਾਕਿਸਤਾਨ ਤੋਂ ਹਥਿਆਰਾਂ ਤੇ ਗੋਲਾ ਬਾਰੂਦ ਦਾ ਇੰਤਜ਼ਾਮ ਕਰਕੇ ਭਾਰਤ ਵਿੱਚ ਹਮਲੇ ਕਰਨ ਦੀ ਸਾਜ਼ਿਸ਼ ਰਚ ਰਿਹਾ ਹੈ।