Punjab News: ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਇੱਕ ਵਾਰ ਫਿਰ ਸੀਐਮ ਭਗਵੰਤ ਮਾਨ ਨੂੰ ਘੇਰਿਆ ਹੈ। ਉਨ੍ਹਾਂ ਨੇ ਪੰਜਾਬ ਦੇ ਉਦਯੋਗਿਕ ਵਿਕਾਸ ਵਿੱਚ ਚੀਨ ਨਾਲ ਮੁਕਾਬਲਾ ਕਰਨ ਦੇ ਦਾਅਵੇ ਨੂੰ ਚੁਣੌਤੀ ਦਿੰਦਿਆਂ ਅੰਕੜੇ ਪੇਸ਼ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਸੀਐਮ ਭਗਵੰਤ ਮਾਨ ਨੇ ਝੂਠ ਬੋਲਣ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। 


 



ਸੁਖਪਾਲ ਖਹਿਰਾ ਨੇ ਟਵੀਟ ਕਰਕੇ ਕਿਹਾ ਹੈ ਕਿ ਇੰਜ ਜਾਪਦਾ ਹੈ ਕਿ ਪੰਜਾਬ ਦੇ ਉਦਯੋਗਿਕ ਵਿਕਾਸ ਵਿੱਚ ਚੀਨ ਨਾਲ ਮੁਕਾਬਲਾ ਕਰਨ ਦਾ ਦਾਅਵਾ ਕਰਦੇ ਹੋਏ ਭਗਵੰਤ ਮਾਨ ਨੇ ਹੁਣ ਝੂਠ ਬੋਲਣ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ! ਹੇਠਾਂ ਦਿੱਤੇ ਅੰਕੜੇ ਉਨ੍ਹਾਂ ਦੇ ਕਾਮੇਡੀਅਨ ਕਿਰਦਾਰ ਨੂੰ ਇੱਕ ਵਾਰ ਫਿਰ ਬੇਨਕਾਬ ਕਰਦੇ ਹਨ! ਚੀਨ ਦੀ ਜੀਡੀਪੀ ਲਗਪਗ 20 ਹਜ਼ਾਰ ਬਿਲੀਅਨ ਡਾਲਰ ਹੈ, ਜਦੋਂਕਿ ਪੰਜਾਬ ਦੀ ਜੀਡੀਪੀ ਲਗਪਗ 70 ਬਿਲੀਅਨ ਅਮਰੀਕੀ ਡਾਲਰ ਹੈ, ਜੋ 250 ਗੁਣਾ ਘੱਟ ਹੈ! ਚੀਨ ਵਿੱਚ 28 ਲੱਖ ਉਦਯੋਗਿਕ ਯੂਨਿਟ ਹਨ ਜਦੋਂ ਕਿ ਪੰਜਾਬ ਵਿੱਚ ਸਿਰਫ 13 ਹਜ਼ਾਰ ਉਦਯੋਗਿਕ ਯੂਨਿਟ ਹਨ ਤੇ ਇਹ 200 ਗੁਣਾ ਘੱਟ ਉਦਯੋਗਿਕ ਯੂਨਿਟ ਹਨ! ਭਾਰਤ ਵਿੱਚ ਵੀ ਪੰਜਾਬ ਉਦਯੋਗਿਕ ਵਿਕਾਸ ਵਿੱਚ 8ਵੇਂ ਸਥਾਨ 'ਤੇ ਹੈ। ਮੈਂ ਇਸ ਗੱਲੋਂ ਵੀ ਹੈਰਾਨ ਹਾਂ ਕਿ ਅਰਵਿੰਦ ਕੇਜਰੀਵਾਲ ਜੋ ਆਪਣੇ ਆਪ ਨੂੰ ਉੱਚ ਪੜ੍ਹੇ ਲਿਖੇ ਹੋਣ ਦਾ ਦਾਅਵਾ ਕਰਦਾ ਹੈ, ਉਹ ਜਨਤਕ ਮੰਚਾਂ ਤੋਂ ਇਸ ਤਰ੍ਹਾਂ ਦੀਆਂ ਗੱਪਾਂ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਹਨ?


 






 



ਦਰਅਸਲ ਲੰਘੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਦੌਰਾਨ ਦਾਅਵਾ ਕੀਤਾ ਗਿਆ ਸੀ ਕਿ ਉਦਯੋਗਿਕ ਖੇਤਰ ਵਿੱਚ ਪੰਜਾਬ ਕੋਲ ਚੀਨ ਨੂੰ ਪਛਾੜਨ ਦੀ ਵੱਡਾ ਸਮਰੱਥਾ ਹੈ। ‘ਸਰਕਾਰ-ਸਨਅਤਕਾਰ ਮਿਲਣੀ’ ਦੌਰਾਨ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਪੰਜਾਬੀ ਜਨਮ ਤੋਂ ਹੀ ਉੱਦਮੀ ਹੁੰਦੇ ਹਨ ਤੇ ਇਨ੍ਹਾਂ ਕੋਲ ਅਗਵਾਈ ਕਰਨ ਦੀ ਸਮਰੱਥਾ ਹੁੰਦੀ ਹੈ ਜਿਸ ਦਾ ਸਬੂਤ ਇਨ੍ਹਾਂ ਨੇ ਆਲਮੀ ਪੱਧਰ ’ਤੇ ਵੱਡੀਆਂ ਮੱਲਾਂ ਮਾਰ ਕੇ ਦਿੱਤਾ ਹੈ। 



ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਸਖ਼ਤ ਮਿਹਨਤ ਤੇ ਘਾਲਣਾ ਦਾ ਕੋਈ ਸਾਨੀ ਨਹੀਂ ਜਿਸ ਕਰਕੇ ਇਨ੍ਹਾਂ ਨੇ ਹਰੇਕ ਖੇਤਰ ਵਿੱਚ ਬੁਲੰਦੀਆਂ ਨੂੰ ਛੂਹਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਇਹ ਸਮਰੱਥਾ ਉਦਯੋਗਿਕ ਖੇਤਰ ਵਿੱਚ ਪੰਜਾਬ ਨੂੰ ਚੀਨ ਤੋਂ ਅੱਗੇ ਲਿਜਾ ਸਕਦੀ ਹੈ।


ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲੀਆਂ ਸਰਕਾਰਾਂ ਸੂਬੇ ਵਿੱਚ ਸਨਅਤਕਾਰਾਂ ਨੂੰ ਦਬਾਉਂਦੀਆਂ ਸਨ ਪਰ ਮੌਜੂਦਾ ਸਰਕਾਰ ਉਦਯੋਗ ਦੀ ਬਿਹਤਰੀ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਿਲਣੀ ਰਾਹੀਂ ਉਦਯੋਗਪਤੀਆਂ ਨੂੰ ਦਰਪੇਸ਼ ਸਾਰੇ ਮਸਲੇ ਸੁਝਲਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਸਨਅਤਾਕਾਰਾਂ ਨੂੰ ਨਵੇਂ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਵਿੱਚ ਵਧ-ਚੜ੍ਹ ਕੇ ਯੋਗਦਾਨ ਪਾਉਣ ਦਾ ਸੱਦਾ ਦਿੱਤਾ।