2027 Assembly Elections: ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਪੰਜਾਬ ਵੱਲੋਂ ਕੀਤੇ ਗਏ ਆਪਣੇ ਚੋਣ ਪ੍ਰਦਰਸ਼ਨ ਨੂੰ ਲੈ ਕੇ ਗਦ ਗਦ ਹੋਈ ਪਈ ਹੈ। ਸੂਬੇ ਦੀਆਂ 13 ਲੋਕ ਸਭਾ ਸੀਟਾਂ 'ਚੋਂ 7 'ਤੇ ਜਿੱਤ ਹਾਸਿਲ ਕੀਤੀ। ਇਸ ਜਿੱਤ ਤੋਂ ਬਾਅਦ ਪਾਰਟੀ ਦੀ ਨਜ਼ਰ ਹੁਣ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Assembly elections) 'ਤੇ ਹੈ। ਪਾਰਟੀ ਦੇ ਸੂਬਾ ਪ੍ਰਧਾਨ ਅਤੇ ਨਵੇਂ ਚੁਣੇ ਗਏ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Warring) ਦਾ ਕਹਿਣਾ ਹੈ ਕਿ ਸਾਨੂੰ ਜ਼ਮੀਨੀ ਪੱਧਰ 'ਤੇ ਕੰਮ ਕਰਨਾ ਹੋਵੇਗਾ ਅਤੇ ਨਵੇਂ ਲੋਕਾਂ ਨੂੰ ਜ਼ਿੰਮੇਵਾਰੀ ਸੌਂਪਣੀ ਹੋਵੇਗੀ।



ਲੋਕਾਂ ਨੇ ਕਾਂਗਰਸ 'ਤੇ ਭਰੋਸਾ ਜਤਾਇਆ


ਰਾਜਾ ਵੜਿੰਗ ਨੇ ਸ਼ੁੱਕਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, ''ਬਹੁਤ ਵਧੀਆ ਨਤੀਜੇ ਆਏ ਅਤੇ ਇਹ ਸਾਡੀ ਉਮੀਦ ਮੁਤਾਬਕ ਹੋਇਆ, ਕਿਉਂਕਿ ਪੰਜਾਬ 'ਚ ਸਭ ਤੋਂ ਵੱਡੀ ਪਾਰਟੀ ਅਤੇ ਕਾਂਗਰਸ ਪਾਰਟੀ ਨੇ ਸਭ ਤੋਂ ਜ਼ਿਆਦਾ ਸੀਟਾਂ ਜਿੱਤੀਆਂ ਹਨ। ਲੋਕਾਂ ਨੇ ਕਾਂਗਰਸ 'ਤੇ ਭਰੋਸਾ ਜਤਾਇਆ ਹੈ।  2027 ਲਈ ਨਵੇਂ ਸੰਕੇਤ ਦਿੱਤੇ ਗਏ ਹਨ। ਲੋਕਾਂ ਨੂੰ ਲੱਗਦਾ ਹੈ ਕਿ ਕਾਂਗਰਸ ਹੀ ਪੰਜਾਬ ਦੀ ਅਗਵਾਈ ਕਰ ਸਕਦੀ ਹੈ।


ਉਮੀਦਵਾਰਾਂ ਦਾ ਫੈਸਲਾ ਛੇ ਮਹੀਨਿਆਂ ਵਿੱਚ ਕਰਨਾ ਹੋਵੇਗਾ - ਵੜਿੰਗ


ਲੁਧਿਆਣਾ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਰਾਜਾ ਵੜਿੰਗ ਨੇ ਕਿਹਾ, “ਇਹ ਸੰਕੇਤ ਦਿੰਦੇ ਹਨ ਕਿ ਸਾਨੂੰ ਭਵਿੱਖ ਵਿੱਚ ਜ਼ੋਰਦਾਰ ਢੰਗ ਨਾਲ ਲੜਨਾ ਪਵੇਗਾ। ਸਾਨੂੰ ਜ਼ਿਆਦਾ over confidence ਨਹੀਂ ਕਰਨਾ ਚਾਹੀਦਾ, ਸਗੋਂ ਸਾਨੂੰ ਜ਼ਮੀਨੀ ਪੱਧਰ 'ਤੇ ਜਾ ਕੇ ਨਵੇਂ ਲੋਕਾਂ ਨੂੰ ਜ਼ਿੰਮੇਵਾਰੀ ਸੌਂਪਣੀ ਪਵੇਗੀ, ਜਿੱਥੇ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਜ਼ਿੰਮੇਵਾਰੀ ਦੇਣ ਦੀ ਲੋੜ ਹੈ। ਅਤੇ ਹੁਣ ਤੋਂ ਅਸੀਂ ਅਗਲੇ ਛੇ ਮਹੀਨਿਆਂ ਵਿੱਚ ਸਭ ਕੁਝ ਤੈਅ ਕਰਨਾ ਹੈ, ਕੌਣ ਕਿੱਥੋਂ ਚੋਣ ਲੜੇਗਾ ਅਤੇ ਅਗਲੀ ਰਣਨੀਤੀ ਕੀ ਹੋਵੇਗੀ।


 






 


ਪੰਜਾਬ ਵਿੱਚ ਇਹ ਸੀਟਾਂ ਕਾਂਗਰਸ ਨੇ ਜਿੱਤੀਆਂ ਹਨ



ਪਿਛਲੀਆਂ ਚੋਣਾਂ ਨਾਲੋਂ ਕਾਂਗਰਸ ਨੇ ਇਸ ਵਾਰ ਪੰਜਾਬ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਨੇ ਇੱਥੇ ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ ਅਤੇ ਪਟਿਆਲਾ ਸੀਟਾਂ ਜਿੱਤੀਆਂ ਹਨ। ਦੋ ਸਾਬਕਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਪ੍ਰਨੀਤ ਕੌਰ, ਜੋ ਕਾਂਗਰਸ ਛੱਡ ਕੇ ਭਾਜਪਾ ਵਿੱਚ ਆਏ ਸਨ, ਪਰ ਇਨ੍ਹਾਂ ਚੋਣਾਂ ਦੇ ਵਿੱਚ ਮੂੰਹ ਦੀ ਖਾਣੀ ਪਈ।


ਹਾਲਾਂਕਿ ਹਾਰਨ ਦੇ ਬਾਵਜੂਦ ਭਾਜਪਾ ਨੇ ਰਵਨੀਤ ਸਿੰਘ ਨੂੰ ਕੇਂਦਰੀ ਮੰਤਰੀ ਬਣਾ ਦਿੱਤਾ ਹੈ। ਭਾਜਪਾ ਪੰਜਾਬ ਵਿੱਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਇੱਥੇ ਤਿੰਨ ਸੀਟਾਂ 'ਆਪ', ਇਕ ਸੀਟ ਸ਼੍ਰੋਮਣੀ ਅਕਾਲੀ ਦਲ ਅਤੇ ਦੋ ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਹਨ। 'ਆਪ' ਇੱਥੇ ਸੱਤਾਧਾਰੀ ਪਾਰਟੀ ਹੋਣ ਕਾਰਨ ਸਭ ਦੀਆਂ ਨਜ਼ਰਾਂ ਇਸ ਦੀ ਕਾਰਗੁਜ਼ਾਰੀ 'ਤੇ ਸਨ ਪਰ ਉਹ ਵੀ ਇੱਥੇ ਕੁਝ ਖਾਸ ਨਹੀਂ ਕਰ ਸਕੀ।