Punjab News: ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿੱਚ ਇੱਕ ਸਾਲ ਤੱਕ ਚੱਲੇ ਕਿਸਾਨ ਅੰਦੋਲਨ ਵਿੱਚ ਜਾਨਾਂ ਗਵਾਉਣ ਵਾਲੇ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਸਰਕਾਰ ਕੋਲ ਕੋਈ ਰਿਕਾਰਡ ਨਹੀਂ ਹੈ। ਸੂਚਨਾ ਅਧਿਕਾਰ ਫੋਰਮ ਵੱਲੋਂ ਪੰਜਾਬ ਦੇ ਗ੍ਰਹਿ ਮੰਤਰਾਲੇ ਨੂੰ ਪਾਈ ਆਰਟੀਆਈ 'ਚ ਇਹ ਵੱਡਾ ਖੁਲਾਸਾ ਹੋਇਆ ਹੈ। ਆਰਟੀਆਈ  'ਚ ਅੰਦੋਲਨ ਵਿੱਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੀ ਗਿਣਤੀ, ਨਾਮ ਅਤੇ ਪਤੇ ਮੰਗੇ ਗਏ ਸਨ। ਨਾਲ ਹੀ ਉਹਨਾਂ ਕਿਸਾਨਾਂ ਦੀ ਮੌਤ ਦਾ ਸਥਾਨ ਅਤੇ ਮੌਤ ਦਾ ਕਾਰਨ ਵੀ ਪੁੱਛਿਆ ਗਿਆ। ਗ੍ਰਹਿ ਮੰਤਰਾਲੇ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਜਵਾਬ ਮੰਗਿਆ ਗਿਆ ਸੀ ਪਰ ਵਿਭਾਗ ਨੇ ਜਵਾਬ ਦਿੱਤਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ।



ਸੂਚਨਾ ਅਧਿਕਾਰ ਮੰਚ ਦੇ ਸਕੱਤਰ ਜਨਰਲ ਇੰਜੀ. ਜੇ.ਕੇ.ਗੁਪਤਾ ਨੇ ਕਿਹਾ ਕਿ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਸਵਾਲ 'ਤੇ ਕੇਂਦਰ ਨੇ ਸੰਸਦ 'ਚ ਇਹ ਕਹਿ ਕੇ ਮੁਆਵਜ਼ਾ ਦੇਣ ਤੋਂ ਬੇਬਸੀ ਜ਼ਾਹਰ ਕੀਤੀ ਸੀ ਕਿ ਉਨ੍ਹਾਂ ਕੋਲ ਕੋਈ ਰਿਕਾਰਡ ਨਹੀਂ ਹੈ। ਜਿਸ 'ਤੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਪੰਜਾਬ 'ਚ ਕੈਪਟਨ ਸਰਕਾਰ ਕੋਲ ਉਹਨਾਂ ਮ੍ਰਿਤਕ ਕਿਸਾਨਾਂ ਦਾ ਪੂਰਾ ਰਿਕਾਰਡ ਹੈ ਅਤੇ ਜੇਕਰ ਕੇਂਦਰ ਚਾਹੇ ਤਾਂ ਕਾਂਗਰਸ ਇਹ ਰਿਕਾਰਡ ਦੇਣ ਲਈ ਤਿਆਰ ਹੈ। ਪਰ ਹੁਣ ਆਰਟੀਆਈ  'ਚ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ। ਜਦੋਂ ਪੰਜਾਬ ਸਰਕਾਰ ਕੋਲ ਕੋਈ ਰਿਕਾਰਡ ਹੀ ਨਹੀਂ ਸੀ ਤਾਂ ਸਰਕਾਰ ਨੇ ਅੰਦੋਲਨ ਵਿੱਚ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਕਿਵੇਂ ਵੰਡਿਆ। ਉਹਨਾਂ ਦੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦਾ ਕੀ ਆਧਾਰ ਸੀ?



ਉਧਰ ਕਿਸਾਨ ਆਗੂਆਂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ । ਕਿਸਾਨ ਆਗੂਆਂ ਦੀ ਕਹਿਣਾ ਹੈ ਕਿ ਸਰਕਾਰ ਦਾ ਇਹ ਜਵਾਬ ਬਚਕਾਨਾ ਹੈ ਕਿਉਂਕਿ ਜੇਕਰ ਰਿਕਾਰਡ ਹੀ ਨਹੀਂ ਸੀ ਤਾਂ ਤੇਲੰਗਾਨਾ ਸਰਕਾਰ ਨੇ ਪੀੜਤ ਪਰਿਵਾਰਾਂ ਨੂੰ ਕਿਵੇਂ ਸਨਮਾਨਿਤ ਕੀਤਾ ਆਖਰ ਉਹਨਾਂ ਕੋਲ ਪੀੜਤ ਪਰਿਵਾਰਾਂ ਦੀ ਰਿਕਾਰਡ ਕਿਵੇਂ ਆਇਆ।