Gurdaspur News: ਆਪਣੇ ਚੰਗੇ ਭਵਿੱਖ ਖਾਤਿਰ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਵਿਕਸਿਤ ਵਿਦੇਸ਼ੀ ਮੁਲਕਾਂ ਵੱਲ ਦਾ ਰੁਖ ਕਰ ਰਹੇ ਹਨ। ਇਸੇ ਤਰ੍ਹਾਂ ਅਮਰੀਕਾ ਜਾਣ ਦੇ ਚਾਹਵਾਨ ਵੱਖਰੇ ਵੱਖਰੇ ਮੁਲਕਾਂ ਦੇ 16,17 ਨੌਜਵਾਨਾਂ ਦੀ ਮੈਕਸੀਕੋ ਨਜਦੀਕ ਹਾਈਵੇ ਕੋਲ ਬੱਸ ਡੂੰਘੀ ਖੱਡ ਵਿੱਚ ਡਿੱਗ ਜਾਣ ਕਾਰਨ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਸੀ। ਇਸ ਮੰਦਭਾਗੇ ਹਾਦਸੇ ਦੇ ਵਿੱਚ ਮ੍ਰਿਤਕ ਨੌਜਵਾਨਾਂ ‘ਚ ਜ਼ਿਲਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਪਿੰਡ ਬਾਗੜੀਆਂ ਦੇ ਨੌਜਵਾਨ ਗੁਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਵੀ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਮਰਹੂਮ ਗੁਰਪਾਲ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਚੰਗੇ ਭਵਿੱਖ ਕਰਕੇ ਇੱਕ ਮਹੀਨਾ ਪਹਿਲਾ ਹੀ ਬੀਤੀ 7 ਜੁਲਾਈ ਨੂੰ ਅਮਰੀਕਾ ਲਈ ਘਰੋਂ ਰਵਾਨਾ ਹੋਇਆ ਸੀ ਤੇ ਪੂਰੇ ਇਕ ਮਹੀਨੇ ਬਾਅਦ ਉਸਦੇ ਘਰ ਉਸਦੀ ਮੌਤ ਦੀ ਮੰਦਭਾਗੀ ਖਬਰ ਪਹੁੰਚ ਗਈ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਹੈ। ਇਲਾਕੇ ਵਿੱਚ ਵੀ ਸੋਗ ਦੀ ਲਹਿਰ ਛਾਈ ਹੋਈ ਹੈ।
ਮ੍ਰਿਤਕ ਗੁਰਪਾਲ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਪਾਲ ਸਿੰਘ ਇੱਕ ਮਹੀਨਾ ਪਹਿਲਾਂ ਇੱਕ ਸਥਾਨਕ ਏਜੰਟ ਅਤੇ ਹਾਜੀਪੁਰ ਦੇ ਟ੍ਰੈਵਲ ਏਜੰਟ ਰਾਹੀਂ ਅਮਰੀਕਾ ਜਾਣ ਲਈ ਘਰੋਂ ਰਵਾਨਾ ਹੋਇਆ ਸੀ। ਉਹਨਾਂ ਨੇ ਦੱਸਿਆ ਕਿ ਗੁਰਪਾਲ ਸਿੰਘ ਦੇ ਅਮਰੀਕਾ ਪੁੱਜਣ ਲਈ ਉਨ੍ਹਾਂ ਵੱਲੋਂ ਮੋਟੀ ਰਕਮ ਦਾ ਇੰਤਜ਼ਾਮ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ 40 ਲੱਖ ਉਹਨਾਂ ਨੇ ਏਜੰਟ ਨੂੰ ਅਦਾ ਕਰ ਦਿੱਤੇ ਸਨ।
ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਹਨਾਂ ਨੂੰ ਪਤਾ ਲੱਗਾ ਸੀ ਕਿ ਗੁਰਪਾਲ ਸਿੰਘ ਦੀ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੈ। ਪਰ ਅੱਜ ਪਿੰਡ ਬਾਗੜੀਆਂ ਦੇ ਵਾਸੀ ਚੇਅਰਮੈਨ ਠਾਕੁਰ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਗੁਰਪਾਲ ਸਿੰਘ ਦੇ ਏਜੰਟ ਨੇ ਦੱਸਿਆ ਹੈ ਕਿ ਗੁਰਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ। ਪਰਿਵਾਰਕ ਮੈਂਬਰ ਵੱਲੋਂ ਗੁਰਪਾਲ ਸਿੰਘ ਦੀ ਮੌਤ ਦੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰਪਾਲ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚਾਉਣ ਵਿੱਚ ਮਦਦ ਕੀਤੀ ਜਾਵੇ।