Punjab News: ਸ੍ਰੀ ਹਰਗੋਬਿੰਦਪੁਰ ਕਸਬਾ ਸਥਿਤ ਇੱਟਾਂ ਦੇ ਭੱਠੇ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਭੱਠੇ ਉੱਪਰ ਉਸ ਦੌਰਾਨ ਮਾਤਮ ਛਾ ਗਿਆ ਜਦੋਂ ਕੰਧ ਹੇਠਾਂ ਆਉਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਕਰਤਾਰ ਸਿੰਘ ਨੇ ਦੱਸਿਆ ਕਿ ਯੂਪੀ ਦਾ ਰਹਿਣ ਵਾਲਾ ਇੱਕ ਪਰਿਵਾਰ ਸ੍ਰੀ ਹਰਗੋਬਿੰਦਪੁਰ ਸਥਿਤ ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਇੱਥੇ ਖੇਡ ਰਹੇ ਸਨ ਕਿ ਅਚਾਨਕ ਭੱਠੇ ਦੀ ਕੰਧ ਡਿੱਗ ਗਈ। ਜਿਸ ਤਹਿਤ ਦੋਵਾਂ ਬੱਚਿਆਂ ਦੀ ਮੌਤ ਹੋ ਗਈ।


ਉਕਤ ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਦੋਵੇਂ ਮ੍ਰਿਤਕ ਬੱਚਿਆਂ ਦੀ ਪਛਾਣ ਲੜਕਾ ਗੋਪੀ (12) ਪੁੱਤਰ ਰਾਜੇਸ਼ ਵਾਸੀ ਯੂ.ਪੀ ਅਤੇ ਲੜਕੀ ਸ਼ਾਂਤੀ (6) ਪੁੱਤਰੀ ਛੋਟੇ ਲਾਲ ਵਾਸੀ ਯੂ.ਪੀ ਵਜੋਂ ਹੋਈ ਹੈ ਅਤੇ ਇਹ ਪਰਿਵਾਰ ਕਰੀਬ 8 ਮਹੀਨੇ ਪਹਿਲਾਂ ਭੱਠੇ 'ਤੇ ਕੰਮ ਕਰਨ ਆਇਆ ਸੀ। ਏ.ਐਸ.ਆਈ ਉਨ੍ਹਾਂ ਅੱਗੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਹੈ।