ਮਾਨਸਾ: ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਜਿੱਥੇ ਹਰ ਕੋਈ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ, ਉੱਥੇ ਹੀ ਉਨ੍ਹਾਂ ਦੇ ਮਾਪੇ ਵੀ ਸਦਮੇ 'ਚੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਮੌਤ ਤੋਂ ਬਾਅਦ ਅੱਜ ਪਹਿਲੀ ਵਾਰ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਭਾਸ਼ਣ ਦਿੱਤਾ ਗਿਆ। ਸਿੱਧੂ ਦੇ ਪਿਤਾ ਨੇ ਅੱਜ ਇੱਕ ਭਾਸ਼ਣ 'ਚ ਕਿਹਾ ਕਿ ਅਸੀਂ ਇਕੱਠੇ ਹੋ ਕੇ ਸਿੱਧੂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡਾ ਜੋ ਨੁਕਸਾਨ ਹੋਇਆ ਹੈ, ਉਹ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿੱਧੂ ਦੀ ਮੌਤ ਤੋਂ ਬਾਅਦ ਅਸੀਂ ਬਹੁਤ ਪਿੱਛੇ ਆ ਗਏ ਹਾਂ।

 
ਭਾਵੁਕ ਹੋਏ ਸਿੱਧੂ ਦੇ ਪਿਤਾ ਨੇ ਕਿਹਾ ਕਿ ਮੂਸੇਵਾਲਾ ਨੇ ਜੋ ਚਾਹਿਆ ਸੀ ਉਹੀ ਕਰਾਂਗੇ। ਜੋ ਉਸ ਦੇ ਮਨ ਵਿਚ ਸੀ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਕਿਹਾ ਚੋਣ ਲੜੇ ਅਤੇ ਹਾਰ ਕੇ ਨਿਰਾਸ਼ ਵੀ ਹੋਏ। ਸਿੱਧੂ ਨੇ ਮੈਨੂੰ ਸਮਝਾਇਆ ਸੀ ਕਿ ਉਹ ਚੋਣ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਮੌਜੂਦਾ ਸਿਸਟਮ ਪਸੰਦ ਨਹੀਂ ਆਇਆ ਜੋ ਉਨ੍ਹਾਂ ਨੇ ਚੋਣਾਂ ਸਮੇਂ ਦੇਖਿਆ ਸੀ।
 

ਸਿੱਧੂ ਦੇ ਪਿਤਾ ਨੇ ਕਿਹਾ ਕਿ ਸਿੱਧੂ ਚਾਹੁੰਦਾ ਸੀ ਕਿ ਲੋਕ ਉਸ ਤੋਂ ਕੈਂਸਰ ਹਸਪਤਾਲ ਵਰਗੀਆਂ ਚੀਜ਼ਾਂ ਦੀ ਮੰਗ ਕਰਨ ਪਰ ਲੋਕ ਗਲੀਆਂ-ਨਾਲੀਆਂ ਤੱਕ ਹੀ ਸੀਮਤ ਰਹੇ ਤੇ ਕਾਂਗਰਸ ਦਾ ਉਮੀਦਵਾਰ ਹੋਣ ਦੇ ਬਾਵਜੂਦ ਉਹ ਕਾਂਗਰਸੀ ਸਿੱਧੂ ਖਿਲਾਫ ਬੋਲਦਾ ਸੀ। ਸਿੱਧੂ ਦਾ ਕਸੂਰ ਇੰਨਾ ਸੀ ਕਿ ਉਸ ਨੇ ਇਕ ਸਾਧਾਰਨ ਪਰਿਵਾਰ ਤੋਂ ਉੱਠ ਕੇ ਤਰੱਕੀ ਕੀਤੀ ਤੇ ਕੁਝ ਲੋਕਾਂ ਦੀਆਂ ਅੱਖਾਂ ਵਿਚ ਉਹ ਰੜਕਣ ਲੱਗ ਪਿਆ ਸੀ। ਗੈਂਗਸਟਰ ਨਾਲ-ਨਾਲ ਸਰਕਾਰ ਚਲਾ ਰਹੇ ਹਨ।
 
ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਚੋਣਾਂ 'ਚ ਵੀ ਉਸ 'ਤੇ 8 ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਸਰਕਾਰ ਨੇ ਵੀ ਕੋਈ ਕਸਰ ਨਹੀਂ ਛੱਡੀ। ਸੁਰੱਖਿਆ ਵਾਪਸ ਲੈ ਲਈ ਗਈ ਹੈ। ਉਨ੍ਹਾਂ ਕਿਹਾ ਕਿ ਜਿਸ 'ਤੇ ਸਿੱਧੂ ਨੇ ਭਰੋਸਾ ਕੀਤਾ ਉਨ੍ਹਾਂ ਸਕਿਉਰਿਟੀ ਗਾਰਡਜ਼ ਨੂੰ ਸਰਕਾਰ ਨੇ ਵਾਪਸ ਬੁਲਾ ਲਿਆ।