Punjab News : ਫ਼ਿਰੋਜ਼ਪੁਰ-ਤਲਵੰਡੀ ਭਾਈ ਮਾਰਗ 'ਤੇ ਪਿੰਡ ਲੱਲੇ ਵਿਖੇ ਸਥਿਤ ਰਾਧਾ ਸੁਆਮੀ ਸਤਿਸੰਗ ਘਰ ਦੀ ਕੰਧ 'ਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਕਾਲੇ ਰੰਗ ਨਾਲ ਕੰਧ 'ਤੇ ਨਾਅਰੇ ਲਿਖੇ ਜਾਣ ਤੋਂ ਇਲਾਵਾ ਐਸਐਫਜੇ ਵੀ ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਸਿੱਖ ਫਾਰ ਜਸਟਿਸ (ਐਸਐਫਜੇ) ਦੇ ਮੁਖੀ ਨੇ ਵੀਡੀਓ ਜਾਰੀ ਕਰਕੇ ਇਸ ਦੀ ਜ਼ਿੇਮੇਵਾਰੀ ਲਈ ਹੈ।


ਹਾਸਲ ਜਾਣਕਾਰੀ ਮੁਤਾਬਕ ਫ਼ਿਰੋਜ਼ਪੁਰ ਵਿੱਚ ਰਾਧਾ ਸੁਆਮੀ ਡੇਰੇ ਦੀਆਂ ਕੰਧਾਂ ਉੱਤੇ ਖ਼ਾਲਿਸਤਾਨ ਜ਼ਿੰਦਾਬਾਦ ਤੇ ਹਿੰਦੁਸਤਾਨ ਮੁਰਦਾਬਾਦ ਦੇ ਨਾਅਰੇ ਲਿਖੇ ਹੋਏ ਪਾਏ ਗਏ। ਇਸ ਦੀ ਇੱਕ ਵੀਡੀਓ ਵਿਦੇਸ਼ ਵਿੱਚ ਬੈਠੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਧਮਕੀ ਦਿੱਤੀ ਗਈ ਹੈ ਕਿ ਉਹ ਕੇਂਦਰ ਦਾ ਸਮਰਥਨ ਨਾ ਕਰਨ। ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਦਾ ਵੀ ਵਿਰੋਧ ਕੀਤਾ ਗਿਆ ਹੈ।


 


ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਾਲੇ ਨੂੰ 2.50 ਲੱਖ ਰੁਪਏ ਦੇਣ ਦਾ ਐਲਾਨ


ਦੱਸ ਦਈਏ ਕਿ ਬੀਤੇ ਦਿਨੀਂ ਕੋਟਕਪੂਰਾ ਵਿੱਚ ਕਤਲ ਹੋਏ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਤੋਂ ਬਾਅਦ ਸਿੱਖ ਫਾਰ ਜਸਟਿਸ (ਐੱਸਐਫਜੇ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਾਰ ਫਿਰ ਸੂਬੇ ਦੇ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦਿੱਤਾ ਹੈ। ਪੰਨੂ ਨੇ ਐਲਾਨ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਾਲੇ ਨੂੰ SFJ ਵੱਲੋਂ 2.50 ਲੱਖ ਰੁਪਏ ਦਿੱਤੇ ਜਾਣਗੇ।



ਪੰਨੂ ਨੇ ਇਹ ਵੀਡੀਓ ਪ੍ਰਦੀਪ ਸਿੰਘ ਦੇ ਕਤਲ ਤੋਂ ਅਗਲੇ ਹੀ ਦਿਨ ਜਾਰੀ ਕੀਤੀ ਹੈ। ਜਿਸ ਵਿੱਚ ਉਹ ਪੈਸੇ ਦੀ ਖ਼ਾਤਰ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਂਦਾ ਨਜ਼ਰ ਆ ਰਿਹਾ ਹੈ। ਪੰਨੂ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀ ਨੂੰ ਸਜ਼ਾ ਦੇਣ ਵਾਲੇ ਹਰ ਨੌਜਵਾਨ ਨੂੰ SFJ ਵੱਲੋਂ 2.50 ਲੱਖ ਰੁਪਏ ਦਿੱਤੇ ਜਾਣਗੇ ਤਾਂ ਜੋ ਉਹ ਕਾਨੂੰਨੀ ਲੜਾਈ ਲੜ ਸਕਣ।



ਪੰਨੂ ਇਸ ਵੀਡੀਓ ਵਿੱਚ ਖਾਲਿਸਤਾਨ ਦੀ ਮੰਗ ਉਠਾ ਰਹੇ ਹਨ। ਪੰਨੂ ਨੇ ਕਿਹਾ ਕਿ ਪੰਜਾਬ ਦੇ ਲੋਕ ਗੁਲਾਮੀ ਵਿੱਚ ਜੀਅ ਰਹੇ ਹਨ। ਇਸ ਦਾ ਇੱਕੋ ਇੱਕ ਹੱਲ ਹੈ ਖਾਲਿਸਤਾਨ। ਭਾਰਤ ਦੀਆਂ ਸਰਕਾਰਾਂ ਸਿੱਖਾਂ ਦੇ ਹੱਕ ਵਿੱਚ ਨਹੀਂ ਹਨ। ਇਹਨਾਂ ਨੇ ਸਿੱਖਾਂ ਨੂੰ ਮਾਰਿਆ ਹੈ। ਇਸ ਸਿਸਟਮ ਨੂੰ ਜੜ੍ਹੋਂ ਪੁੱਟਣਾ ਪਵੇਗਾ ਅਤੇ ਅਜਿਹਾ ਖਾਲਿਸਤਾਨ ਤੋਂ ਹੀ ਹੋ ਸਕਦਾ ਹੈ।