Punjab News: ਪੰਜਾਬ  'ਚ ਵੀਆਈਪੀ ਕਲਚਰ ਖਤਮ ਹੋਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਆਪਣੇ ਹੀ ਵੀਆਈਪੀ ਦੌਰੇ ਨੂੰ ਲੈ ਕੇ ਸਵਾਲਾਂ ਦੇ ਘੇਰੇ  'ਚ ਹੈ। ਸੂਬੇ  'ਚੋ ਹੋਰ ਵੀ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ  'ਚ ਇਹ ਦਾਅਵੇ ਹਵਾ ਹੁੰਦੇ ਨਜ਼ਰ ਆਏ।


ਇਸੇ ਵੀਆਈਪੀ ਕਲਚਰ  ਨੂੰ ਲੈ ਕੇ ਇੱਕ ਵਾਰ ਫਿਰ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ 'ਤੇ ਤੰਜ ਕਸਿਆ ਹੈ । ਸ੍ਰੀ ਹਰਿਮੰਦਰ ਸਾਹਿਬ 'ਚ ਸੀਐੱਮ ਦੇ ਆਉਣ  'ਤੇ ਦਿੱਤੇ ਗਏ ਵੀਆਈਪੀ ਟ੍ਰੀਟਮੈਂਟ ਦੀ ਖਬਰ ਦਾ ਹਵਾਲਾ ਦਿੰਦੇ ਹੋਏ ਖਹਿਰਾ ਨੇ  ਸੀਐੱਮ ਭਗਵੰਤ ਮਾਨ ਨੂੰ ਸਵਾਲ ਕੀਤਾ। ਉਹਨਾਂ ਸੀਐੱਮ ਨੂੰ ਪੁੱਛਿਆ ਕਿ ਭਗਵੰਤ ਮਾਨ ਜੀ ਹੁਣ ਕਿੱਥੇ ਹੈ ਆਮ ਆਦਮੀ ਕਲਚਰ?  ਉਹਨਾਂ ਕਿਹਾ ਕਿ ਘੱਟੋ-ਘੱਟੋ ਧਾਰਮਿਕ ਸਥਾਨਾਂ ਨੂੰ ਵੀਆਈਪੀ ਕਲਚਰ ਤੋਂ ਦੂਰ ਰਹਿਣ ਦਿਓ। 


 






ਦਸ ਦਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀਆਈਪੀ ਵਜੋਂ ਪੁੱਜਣ ਅਤੇ ਬਾਕੀ ਸੰਗਤ ਨੂੰ ਬਾਹਰ ਰੋਕਣ  'ਤੇ ਸੀਐੱਮ ਲਗਾਤਾਰ ਘਿਰੇ ਹੋਏ ਹਨ। ਵਿਰੋਧੀਆਂ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਵੀ ਇਤਰਾਜ਼ ਜਤਾਇਆ ਹੈ।।ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਨਿੰਦਣਯੋਗ ਦੱਸਿਆ ਹੈ।ਇਸ ਦੇ ਨਾਲ ਹੀ ਵਿਰੋਧੀ ਧਿਰ ਵੀ ਇਸ 'ਤੇ ਮੁੱਖ ਮੰਤਰੀ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ।


ਜ਼ਿਕਰਯੋਗ ਹੈ ਕਿ ਐਤਵਾਰ ਨੂੰ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਗਿਆ।ਜਿਸ ਵਿਚ ਸ਼ਾਮ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾ: ਗੁਰਪ੍ਰੀਤ ਕੌਰ ਅਤੇ ਪਰਿਵਾਰ ਸਮੇਤ ਪਹੁੰਚੇ। ਵੀ.ਆਈ.ਪੀ ਮੂਵਮੈਂਟ ਦੇ ਚਲਦਿਆਂ ਪੁਲਿਸ ਨੇ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਵੀ ਬੰਦ ਕਰ ਦਿੱਤੇ ਸਨ ਅਤੇ ਮੁੱਖ ਮੰਤਰੀ ਲਈ ਹਰਿਮੰਦਰ ਸਾਹਿਬ ਪਲਾਜ਼ਾ ਵਿਖੇ ਸੰਗਤ ਨੂੰ ਵੀ ਰੋਕ ਲਿਆ ਗਿਆ ਸੀ।ਜਿਸ 'ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਜਤਾਇਆ ਹੈ।


ਪ੍ਰਧਾਨ ਧਾਮੀ ਨੇ ਕਿਹਾ ਕਿ ਸੀਐਮ ਮਾਨ ਦਾ ਪ੍ਰਕਾਸ਼ ਪੁਰਬ ਮੌਕੇ ਵੀਆਈਪੀ ਵਜੋਂ ਆਉਣਾ ਨਿੰਦਣਯੋਗ ਹੈ।ਆਗੂਆਂ ਨੂੰ ਗੁਰੂਘਰ ਆ ਕੇ ਆਮ ਸਿੱਖ ਅੱਗੇ ਮੱਥਾ ਟੇਕਣਾ ਚਾਹੀਦਾ ਹੈ ਨਾ ਕਿ ਤਾਨਾਸ਼ਾਹੀ ਢੰਗ ਨਾਲ। ਸੀ.ਐਮ ਮਾਨ ਦੇ ਹਰਿਮੰਦਰ ਸਾਹਿਬ ਵਿਖੇ ਪਹੁੰਚਣ 'ਤੇ ਕਾਫੀ ਦੇਰ ਤੱਕ ਰਸਤਾ ਅਤੇ ਪਲਾਜ਼ਾ ਵਿਖੇ ਸੰਗਤਾਂ ਨੂੰ ਰੋਕ ਦਿੱਤਾ ਗਿਆ।ਪਹਿਲਾ ਪ੍ਰਕਾਸ਼ ਪੁਰਬ ਸੰਗਤਾਂ ਲਈ ਅਹਿਮ ਸੀ ਅਤੇ ਹਰ ਕੋਈ ਗੁਰੂਘਰ ਮੱਥਾ ਟੇਕਣ ਲਈ ਆਇਆ ਸੀ ਪਰ ਸੰਗਤਾਂ ਨਾਲ ਕੀਤਾ ਗਿਆ ਸਲੂਕ ਸ਼ਰਧਾ ਨੂੰ ਠੇਸ ਪਹੁੰਚਾ ਰਿਹਾ ਹੈ।


ਸੁਲਤਾਨਪੁਰ ਲੋਧੀ ਵਿੱਚ ਵੀ ਅਜਿਹਾ ਹੋਇਆ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਵਿੱਚ ਵੀ ਅਜਿਹਾ ਹੀ ਹੋਇਆ ਸੀ।ਇਸ ਦੇ ਮੱਦੇਨਜ਼ਰ ਅੰਤ੍ਰਿੰਗ ਕਮੇਟੀ ਨੇ ਮੀਟਿੰਗ ਬੁਲਾਉਣ ਦਾ ਫੈਸਲਾ ਕਰਦਿਆਂ ਸਿਆਸਤਦਾਨਾਂ ਨੂੰ ਗੁਰੂਘਰਾਂ ਵਿੱਚ ਮੱਥਾ ਟੇਕਣ ਮੌਕੇ ਸੰਗਤਾਂ ਨੂੰ ਪ੍ਰੇਸ਼ਾਨ ਨਾ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਰਧਾਲੂਆਂ ਦੀ ਆਸਥਾ ਨੂੰ ਠੇਸ ਪਹੁੰਚਾਉਣ ਵਾਲੀ ਹਰਕਤ ਨਹੀਂ ਕਰਨੀ ਚਾਹੀਦੀ।


ਉੱਥੇ ਹੀ ਬੀਤੇ ਦਿਨ ਫਾਜ਼ਿਲਕਾ ਦੇ ਸ਼ਾਸਤਰੀ ਚੌਕ 'ਚ ਲੱਗੇ ਨਾਕੇ ਕੋਲੋਂ ਬੱਲੂਆਣਾ ਹਲਕੇ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਦਾ ਬੇਟਾ ਐਕਟਿਵਾ 'ਤੇ ਹੂਟਰ ਵਜਾਉਂਦੇ ਹੋਏ ਲੰਘਣ ਲੱਗਿਆ ਤਾਂ ਪੁਲਿਸ ਨੇ ਉਸ ਨੂੰ ਰੋਕ ਲਿਆ ਸੀ। ਉੱਥੇ ਹੀ ਕਰਤਾਰਪੁਰ ਸਾਹਿਬ ਪੁਲਿਸ ਵੱਲੋਂ ਇੱਕ ਲਾਲ ਬੱਤੀ ਲੱਗਿਆ ਟਰੈਕਟਰ ਸਵਾਰ ਨੂੰ ਰੋਕਿਆ ਗਿਆ ਸੀ । ਜਿਹਨਾਂ ਦਾ ਹਵਾਲਾ ਦਿੰਦੇ ਹੋਏ ਸੁਖਪਾਲ ਖਹਿਰੇ ਨੇ ਸਰਕਾਰ ਨੂੰ ਘੇਰਿਆ ਹੈ।