Crime News: ਇੱਕ ਦੋਸਤ ਨੇ ਆਪਣੇ ਹੀ ਪੱਕੇ ਦੋਸਤ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੇਟ ਇਲਾਕੇ ਦੇ ਪਿੰਡ ਜਨੇਤਪੁਰਾ ਵਾਲੇ ਰਾਹ ’ਤੇ ਖੇਤਾਂ ’ਚ ਕੰਮ ਕਰਦੇ ਮਜ਼ਦੂਰ ਨੂੰ ਉਸ ਦੇ ਹੀ ਦੋਸਤ ਨੇ ਸਾਥੀਆਂ ਨਾਲ ਮਿਲ ਕੇ ਕੁੱਟ-ਕੁੱਟ ਕੇ ਮਾਰ ਦਿੱਤਾ। ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਛਾਇਆ ਪਿਆ ਹੈ। ਹੱਤਿਆ ਪਿੱਛੇ ਮ੍ਰਿਤਕ ਵੱਲੋਂ ਦੋਸਤ ਦੀ ਹੀ ਪਤਨੀ ਨਾਲ ਸਬੰਧ ਰੱਖਣ ਦਾ ਸ਼ੱਕ ਦੱਸਿਆ ਜਾ ਰਿਹਾ ਹੈ।
ਪਤਨੀ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ
ਜਾਣਕਾਰੀ ਅਨੁਸਾਰ ਬੇਟ ਇਲਾਕੇ ਦੇ ਪਿੰਡ ਮਲਸੀਹਾਂ ਬਾਜਣ ਦੇ ਖੋਲ੍ਹਿਆਂ ਵਾਲਾ ਪੁਲ ਵਾਸੀ ਰੇਸ਼ਮ ਸਿੰਘ (40) ਪੁੱਤਰ ਸ਼ੇਰ ਸਿੰਘ ਅਤੇ ਸਿੱਧਵਾਂ ਬੇਟ ਵਾਸੀ ਗੁਰਜੀਤ ਸਿੰਘ ਉਰਫ਼ ਗੀਤਾ ਆਪਸ ਵਿਚ ਚੰਗੇ ਦੋਸਤ ਸਨ। ਰੇਸ਼ਮ ਸਿੰਘ ਦੀ ਆਪਣੇ ਪਰਿਵਾਰ ਨਾਲ ਜ਼ਿਆਦਾ ਨਾ ਬਣਨ ਕਾਰਨ ਉਹ ਅਕਸਰ ਹੀ ਘਰੋਂ ਬਾਹਰ ਰਹਿੰਦਾ ਸੀ ਅਤੇ ਪਿੰਡ ਦੇ ਹੀ ਵਿਦੇਸ਼ ਗਏ ਪਰਿਵਾਰ ਦੀ ਜ਼ਮੀਨ ’ਤੇ ਖੇਤੀ ਕਰਦਾ ਸੀ। ਰੇਸ਼ਮ ਸਿੰਘ ਅਕਸਰ ਹੀ ਗੁਰਜੀਤ ਸਿੰਘ ਗੀਤਾ ਦੇ ਘਰ ਆਉਂਦਾ ਜਾਂਦਾ ਸੀ। ਇਸ ਦੌਰਾਨ ਗੁਰਜੀਤ ਗੀਤਾ ਨੂੰ ਉਸਦੇ ਆਪਣੀ ਪਤਨੀ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਹੋ ਗਿਆ।
ਬੀਤੀ ਰਾਤ ਗੁਰਜੀਤ ਸਿੰਘ ਗੀਤਾ ਆਪਣੇ ਸਾਥੀਆਂ ਨਾਲ ਰੇਸ਼ਮ ਸਿੰਘ ਕੋਲ ਜਾ ਪਹੁੰਚਿਆ। ਉਥੇ ਪਤਨੀ ਨਾਲ ਸਬੰਧਾਂ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਗੁਰਜੀਤ ਨੇ ਬੀਅਰ ਦੀ ਬੋਤਲ ਦਾ ਵਾਰ ਕਰਦਿਆਂ ਸਾਥੀਆਂ ਨਾਲ ਰੇਸ਼ਮ ਸਿੰਘ ਨੂੰ ਡਾਂਗਾ ਮਾਰ-ਮਾਰ ਕੇ ਜ਼ਖ਼ਮੀ ਕਰ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਰੇਸ਼ਮ ਸਿੰਘ ਦੀਆਂ ਧੀਆਂ ਬਿੰਦਰ ਕੌਰ, ਸੁਮਨ ਕੌਰ ਮੌਕੇ ’ਤੇ ਪਹੁੰਚੀਆਂ।
ਉਹ ਲੋਕਾਂ ਦੀ ਮਦਦ ਨਾਲ ਰੇਸ਼ਮ ਨੂੰ ਸਿਵਲ ਹਸਪਤਾਲ ਸਿੱਧਵਾਂ ਬੇਟ ਲੈ ਕੇ ਪੁੱਜੇ ਜਿਥੇ ਉਸ ਨੂੰ ਜਗਰਾਓ ਰੈਫਰ ਕਰ ਦਿੱਤਾ ਅਤੇ ਜਗਰਾਓ ਵਾਲਿਆਂ ਨੇ ਲੁਧਿਆਣਾ ਰੈਫਰ ਕਰ ਦਿੱਤਾ। ਲੁਧਿਆਣਾ ਸਿਵਲ ਹਸਪਤਾਲ ਵਿਖੇ ਰੇਸ਼ਮ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਦੀ ਪਤਨੀ ਬਿੰਦਰ ਕੌਰ ਨੇ ਦੋਸ਼ ਲਾਏ ਕਿ ਉਸ ਦੇ ਪਤੀ ਰੇਸ਼ਮ ਸਿੰਘ ਤੋਂ ਗੁਰਜੀਤ ਸਿੰਘ ਰੁਪਏ ਮੰਗਦਾ ਸੀ। ਰੁਪਏ ਨਾ ਦੇਣ ’ਤੇ ਉਸ ਦਾ ਕਤਲ ਕਰ ਦਿੱਤਾ।
ਸਿੱਧਵਾਂ ਬੇਟ ਥਾਣੇ ਦੇ ਮੁਖੀ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਕਤਲ ਪਿੱਛੇ ਰੁਪਇਆਂ ਦਾ ਲੈਣ ਦੇਣ ਨਹੀਂ, ਬਲਕਿ ਰੇਸ਼ਮ ਸਿੰਘ ਦੇ ਆਪਣੇ ਹੀ ਦੋਸਤ ਗੁਰਜੀਤ ਸਿੰਘ ਦੇ ਪਤਨੀ ’ਤੇ ਅੱਖ ਰੱਖਣਾ ਸੀ। ਜਿਸ ਰੰਜਿਸ਼ ਵਿਚ ਉਸਨੂੰ ਕਤਲ ਕੀਤਾ ਗਿਆ। ਇਸ ਕਤਲ ਵਿਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।