Punjab News: ਧੁੰਦ ਵਧਣ ਨਾਲ ਸਰਹੱਦ ਉੱਪਰ ਪਾਕਿਸਤਾਨ ਵਾਲੇ ਪਾਸਿਓਂ ਹਿੱਲਜੁੱਲ ਵਧ ਗਈ ਹੈ। ਪਾਕਿਸਤਾਨ ਵਾਲੇ ਪਾਸਿਓਂ ਤਸਕਰ ਨਿੱਤ ਡਰੋਨ ਰਾਹੀਂ ਨਸ਼ਾ ਤੇ ਹਥਿਆਰ ਭਾਰਤ ਅੰਦਰ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ। ਅੱਜ ਫਿਰ ਬੀਐਸਐਫ ਦੇ ਜਵਾਨਾਂ ਨੇ ਫਿਰੋਜ਼ਪੁਰ ਵਿੱਚ ਸਰਹੱਦ ਉੱਪਰ ਡਰੋਨ ਦੀ ਘੁਸਪੈਠ ਨੂੰ ਨਾਕਾਮ ਕੀਤਾ ਹੈ। ਸੁਰੱਖਿਆ ਬਲਾਂ ਨੇ ਫਾਇਰਿੰਗ ਕਰਕੇ ਡਰੋਨ ਨੂੰ ਹੇਠਾਂ ਸੁੱਟ ਲਿਆ ਹੈ।
ਹਾਸਲ ਜਾਣਕਾਰੀ ਮੁਤਾਬਕ 21 ਦਸੰਬਰ ਦੀ ਰਾਤ ਬੀਐਸਐਫ ਦੇ ਜਵਾਨਾਂ ਨੇ ਬੀਓਪੀ ਹਰਭਜਨ, 101 ਬੀਐਨ, ਫਿਰੋਜ਼ਪੁਰ ਸੈਕਟਰ, ਜ਼ਿਲ੍ਹਾ ਤਰਨ ਤਾਰਨ ਦੇ ਏਓਆਰ ਵਿੱਚ ਪਾਕਿ ਤੋਂ ਡਰੋਨ ਦੀ ਘੁਸਪੈਠ ਨੂੰ ਨਾਕਾਮ ਕੀਤਾ। ਬੀਐਸਐਫ ਦੇ ਜਵਾਨਾਂ ਨੇ ਡਰੋਨ ਉੱਤੇ ਭਾਰੀ ਗੋਲੀਬਾਰੀ ਕਰਕੇ ਉਸ ਨੂੰ ਡੇਗ ਲਿਆ।
ਬੁੱਧਵਾਰ ਨੂੰ ਵੀ ਭਾਰਤੀ ਸਰਹੱਦ ’ਚ ਸੁੱਟੀ ਗਈ ਕਰੋੜਾਂ ਦੀ ਹੈਰੋਇਨ ਬੀਐਸਐਫ ਜਵਾਨਾਂ ਨੇ ਬਰਾਮਦ ਕੀਤੀ ਸੀ। ਤਸਕਰਾਂ ਨੇ ਕੰਡੇਦਾਰ ਤਾਰ ’ਚੋਂ ਪੀਵੀਸੀ ਪਾਈਪ ’ਚ ਪਾ ਕੇ ਹੈਰੋਇਨ ਦੇ 25 ਪੈਕੇਟ ਭਾਰਤੀ ਸਰਹੱਦ ’ਚ ਸੁੱਟੇ ਸਨ।
ਬੀਐਸਐਫ ਜਵਾਨਾਂ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਗੱਟੀ ਅਜਾਇਬ ਸਿੰਘ ਨੇੜੇ ਮੰਗਲਵਾਰ ਦੇਰ ਰਾਤ ਭਾਰਤ-ਪਾਕਿਸਤਾਨ ਸਰਹੱਦ ’ਤੇ ਕੰਡੇਦਾਰ ਤਾਰ ਦੇ ਦੋਵੇਂ ਪਾਸੇ ਨਸ਼ਾ ਸਮਗਲਰਾਂ ਦੀ ਸ਼ੱਕੀ ਹਲਚਲ ਵੇਖੀ ਸੀ। ਬੀਐਸਐਫ ਜਵਾਨਾਂ ਨੇ ਤਸਕਰਾਂ ’ਤੇ ਗੋਲੀਬਾਰੀ ਕੀਤੀ ਸੀ ਪਰ ਉਹ ਸੰਘਣੀ ਧੁੰਦ ਦਾ ਫਾਇਦਾ ਲੈਂਦੇ ਹੋਏ ਭੱਜਣ ’ਚ ਕਾਮਯਾਬ ਰਹੇ।
ਇਸ ਤੋਂ ਬਾਅਦ ਪੁਲਿਸ ਤੇ ਹੋਰਨਾਂ ਸਬੰਧਤ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕੀਤਾ ਗਿਆ ਤੇ ਇਲਾਕੇ ਦੀ ਨਾਕੇਬੰਦੀ ਕਰਕੇ ਤਲਾਸ਼ੀ ਮੁਹਿੰਮ ਆਰੰਭੀ ਗਈ। ਇਸ ਦੌਰਾਨ ਬੀਐਸਐਫ ਜਵਾਨਾਂ ਨੇ 25 ਪੈਕਟ ਹੈਰੋਇਨ ਬਰਾਮਦ ਕੀਤੀ ਜਿਸ ਦਾ ਕੁੱਲ ਵਜ਼ਨ 26.430 ਕਿਲੋ ਦੇ ਕਰੀਬ ਸੀ। ਇਸ ਦੇ ਨਾਲ ਹੀ ਇਕ 12 ਫੁੱਟ ਲੰਬੀ ਪਲਾਸਟਿਕ ਦੀ ਪਾਈਪ ਤੇ ਇੱਕ ਸ਼ਾਲ ਵੀ ਬਰਾਮਦ ਹੋਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।