ਫਿਰੋਜ਼ਪੁਰ  : ਪੰਜਾਬ ਪੁਲਿਸ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਨੂੰ ਲੈ ਕੇ ਅਕਸਰ ਹੀ ਮੀਡੀਆ ਦੀਆਂ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਤਾਜਾ ਮਾਮਲੇ ਦੀ ਗੱਲ ਕੀਤੀ ਜਾਵੇ ਜੋ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਹੈ। ਜਿਥੇ ਇਲਾਜ ਕਰਾਉਣ ਆਇਆ ਕੈਦੀ ਗੁਰਦੀਪ ਸਿੰਘ ਫਰਾਰ ਹੋ ਗਿਆ ਅਤੇ ਪੁਲਿਸ ਮੂੰਹ ਦੇਖਦੀ ਰਹਿ ਗਈ ਫਿਲਹਾਲ ਪੁਲਿਸ ਵੱਲੋਂ ਇਸ ਲਾਪਰਵਾਹੀ ਨੂੰ ਲੈਕੇ ਗਾਰਦ ਵਿੱਚ ਤੈਨਾਤ ਚਾਰ ਪੁਲਿਸ ਮੁਲਾਜ਼ਮਾਂ ਤੇ ਪਰਚਾ ਦਰਜ ਕੀਤਾ ਗਿਆ ਹੈ।


ਫਿਰੋਜ਼ਪੁਰ ਵਿੱਚ ਪੁਲਿਸ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਿਥੇ ਸਿਵਲ ਹਸਪਤਾਲ ਵਿੱਚ ਇਲਾਜ ਕਰਾਉਣ ਲਈ ਕੈਦੀ ਨੂੰ ਲਿਆਂਦਾ ਗਿਆ ਸੀ ਜੋ ਕੇ ਮੌਕਾ ਦੇਖ ਫਰਾਰ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਡਾਕਟਰ ਨਤੀਸ ਕਿਨਰਾਂ ਨੇ ਦੱਸਿਆ ਕਿ ਮਰੀਜ਼ ਕੈਦੀ ਗੁਰਦੀਪ ਸਿੰਘ ਜੋ ਕੇਂਦਰੀ ਜੇਲ੍ਹ ਫਿਰੋਜ਼ਪੁਰ ਤੋਂ ਰਾਤ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਜਿਸ ਦਾ ਇਲਾਜ ਕੀਤਾ ਜਾ ਰਿਹਾ ਸੀ ਇਸੇ ਦੌਰਾਨ ਪੁਲਿਸ ਦੀ ਮੌਜੂਦਗੀ  'ਚ ਹੀ ਗੁਰਦੀਪ ਸਿੰਘ ਦਾ ਨਾਮ ਦਾ ਕੈਦੀ ਫਰਾਰ ਹੋ ਗਿਆ। ਡਾਕਟਰ ਨੇ ਪੁਲਿਸ ਮੁਲਾਜ਼ਮ ਦਾ ਨਾਮ ਅਤੇ ਬੈਲਟ ਨੰਬਰ ਵੀ ਪੁਲਿਸ ਨੂੰ ਭੇਜ ਦਿੱਤਾ ਗਿਆ ਹੈ। 


ਕੈਦੀ  'ਤੇ ਚੋਰੀਆਂ ਦੇ ਪਹਿਲਾਂ ਤੋਂ ਦੋ ਪਰਚੇ ਦਰਜ ਸਨ ਅਤੇ ਹੁਣ ਪੁਲਿਸ ਨੂੰ ਚਕਮਾ ਦੇਣ ਤੋਂ ਬਾਅਦ ਵੀ ਪਰਚਾ ਦਰਜ ਕਰ ਲਿਆ ਗਿਆ ਹੈ।  


ਦੂਸਰੇ ਪਾਸੇ ਜਦੋਂ ਇਸ ਪੂਰੇ ਮਾਮਲੇ ਨੂੰ ਲੈਕੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਥਾਣਾ ਸਿਟੀ ਦੇ ਐਸ ਐਚ ਓ ਮੋਹਿਤ ਧਵਨ ਨੇ ਦੱਸਿਆ ਕਿ ਕੈਦੀ ਹਸਪਤਾਲ ਚੋਂ ਫਰਾਰ ਹੋ ਗਿਆ । ਇਸ ਮਾਮਲੇ ਨੂੰ ਲੈ ਕੇ ਚਾਰ ਪੁਲਿਸ ਮੁਲਾਜ਼ਮਾਂ  'ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕੈਦੀ ਦੀ ਭਾਲ ਜਾਰੀ ਹੈ।