ਚੰਡੀਗੜ੍ਹ: ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਟ੍ਰਾਂਸਪੋਰਟਰਾਂ ਨੂੰ ਅਪੀਲ ਕੀਤੀ ਕਿ ਆਜ਼ਾਦੀ ਦੇ ਇਸ ਦਿਹਾੜੇ 'ਤੇ ਹੜਤਾਲ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਦੇਸ਼ ਆਜ਼ਾਦੀ ਦਾ 75ਵਾਂ ਦਿਹਾੜਾ ਮਨਾ ਰਿਹਾ ਹੈ ਅਤੇ ਇਸ ਮੌਕੇ ਬਹੁਤ ਲੋਕਾਂ ਵੱਲੋਂ ਸਫਰ ਕੀਤਾ ਜਾਣਾ ਹੈ। ਇਸ ਲਈ ਇਹ ਹੜਤਾਲ ਕਰਨ ਦਾ ਸਹੀ ਸਮਾਂ ਨਹੀਂ ਹੈ।
ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਪੰਜਾਬ ਦੀ ਧਰਤੀ ਨੇ ਲੱਖਾਂ ਬਹਾਦਰਾਂ ਦੀਆਂ ਸ਼ਹਾਦਤਾਂ ਦੇਖੀ ਹੈ, ਇਹ ਸਮਾਂ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਉਨ੍ਹਾਂ ਤੋਂ ਪ੍ਰੇਰਨਾ ਲੈਣ ਦਾ ਹੈ ਇਸ ਲਈ ਹੜਤਾਲ ਨਾ ਕਰਕੇ ਸਾਨੂੰ ਇਕੱਠੇ ਹੋ ਕੇ ਅੱਗੇ ਵਧਣ ਦੀ ਲੋੜ ਹੈ।
ਦਸ ਦਈਏ ਕਿ ਅੱਜ ਤੋਂ ਤਿੰਨ ਦਿਨਾਂ ਤੱਕ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਯੂਨੀਅਨ ਦੇ ਸਮੂਹ ਕੰਟਰੈਕਟ ਕਾਮੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਹੜਤਾਲ ’ਤੇ ਚਲੇ ਗਏ ਹਨ। ਪੰਜਾਬ ਦੇ 18 ਰੋਡਵੇਜ਼ ਅਤੇ ਪੀਆਰਟੀਸੀ ਦੇ 9 ਡਿਪੂਆਂ ਦੀਆਂ ਕਰੀਬ 2200 ਬੱਸਾਂ ਦੇ ਪਹੀਏ ਅੱਜ ਤੋਂ ਰੁਕ ਗਏ ਹਨ।
ਪਨਬੱਸ ਅਤੇ ਰੋਡਵੇਜ਼ ਦੀਆਂ ਲਗਜ਼ਰੀ ਬੱਸਾਂ ਵਿੱਚ ਐਡਵਾਂਸ ਬੁਕਿੰਗ ਕਰਵਾ ਕੇ ਸਫ਼ਰ ਕਰਨ ਵਾਲਿਆਂ ਲਈ ਵੀ ਬੁਰੀ ਖ਼ਬਰ ਹੈ ਕਿ ਬੀਤੇ ਕੱਲ੍ਹ ਤੋਂ ਠੇਕਾ ਮੁਲਾਜ਼ਮਾਂ ਨੇ ਹੜਤਾਲ ਦੇ ਮੱਦੇਨਜ਼ਰ ਐਡਵਾਂਸ ਬੁਕਿੰਗ ਵੀ ਬੰਦ ਕਰ ਦਿੱਤੀ ਹੈ। ਦਿੱਲੀ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਬੱਸਾਂ ਵੀ ਤਿੰਨ ਦਿਨਾਂ ਲਈ ਬੰਦ ਰਹਿਣਗੀਆਂ। ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਨੂੰ ਵੀ ਆਪਣੇ ਨਿੱਜੀ ਵਾਹਨ ਜਾਂ ਪ੍ਰਾਈਵੇਟ ਮਹਿੰਗੀਆਂ ਲਗਜ਼ਰੀ ਬੱਸਾਂ ਵਿੱਚ ਸਫ਼ਰ ਕਰਨਾ ਪਵੇਗਾ।
ਯੂਨੀਅਨ ਆਗੂਆਂ ਨੇ ਕਿਹਾ ਕਿ ਹੜਤਾਲ ਨੂੰ ਟਾਲਣ ਲਈ ਉਨ੍ਹਾਂ ਆਪਣੀਆਂ ਮੰਗਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਹਨ। ਪਰ ਕੋਈ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਸਰਕਾਰ ਦਾ ਦੋਗਲਾ ਮਾਪਦੰਡ ਵੀ ਸਾਹਮਣੇ ਆ ਰਿਹਾ ਹੈ। ਇੱਕ ਪਾਸੇ ਸਰਕਾਰ ਸੂਬੇ ਵਿੱਚ ਠੇਕਾ ਪ੍ਰਣਾਲੀ ਖ਼ਤਮ ਕਰਕੇ ਸਿੱਧੀ ਭਰਤੀ ਕਰਨ ਦੀ ਗੱਲ ਕਹਿ ਰਹੀ ਹੈ ਅਤੇ ਦੂਜੇ ਪਾਸੇ ਠੇਕੇ ’ਤੇ ਬੱਸਾਂ ਚਲਾਉਣ ਜਾ ਰਹੀ ਹੈ। ਕਿਲੋਮੀਟਰ ਸਕੀਮ ’ਤੇ ਠੇਕੇ ’ਤੇ ਬੱਸਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਤੋਂ ਬਾਅਦ ਹੁਣ ਟ੍ਰਾਂਸਪੋਰਟ ਮੰਤਰੀ ਵੱਲੋਂ ਇਹਨਾਂ ਟ੍ਰਾਂਸਪੋਰਟਰਾਂ ਨੂੰ ਮੁੜ ਬੱਸਾਂ ਚਲਾਉਣ ਦੀ ਅਪੀਲ ਕੀਤੀ ਹੈ।