Akali Dal Crisis: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇੱਕ ਪਾਸੇ ਲੀਡਰਸ਼ਿਪ ਵਿੱਚ ਤਬਦੀਲੀ ਦੀ ਮੰਗ ਕਰਨ ਵਾਲਾ ਧੜਾ (ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ) ਮੁੜ ਐਕਟਿਵ ਹੋ ਗਿਆ ਹੈ ਤੇ ਦੂਜੇ ਪਾਸੇ ਗਰਮ ਖਿਆਲੀ ਧੜੇ ਨਵੀਂ ਪੰਥਕ ਪਾਰਟੀ ਬਣਾ ਕੇ ਅਕਾਲੀ ਦਲ ਨੂੰ ਸਿਆਸੀ ਹਾਸ਼ੀਏ ਉਪਰ ਧੱਕਣ ਦੀ ਰਣਨੀਤੀ ਘੜ ਰਹੇ ਹਨ। ਇਸ ਦੀ ਪਹਿਲ ਆਸਾਮ ਦੀ ਡਿੱਬਰੂਗੜ੍ਹ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਕੀਤੀ ਹੈ। ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਹੋਰ ਹਮਖਿਆਲੀ ਧੜਿਆਂ ਨਾਲ ਮਿਲ ਕੇ 14 ਜਨਵਰੀ ਨੂੰ ਮਾਘੀ ਮੇਲੇ ਮੌਕੇ ਨਵੀਂ ਪਾਰਟੀ ਦਾ ਐਲਾਨ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਤਬਦੀਲੀ ਦੀ ਮੰਗ ਕਰਨ ਵਾਲਾ ਧੜਾ ਮੁੜ ਐਕਟਿਵ ਹੋ ਗਿਆ ਹੈ। ਇਸ ਲਈ ਸੁਖਬੀਰ ਬਾਦਲ ਧੜੇ ਹੱਥ ਹੀ ਅਕਾਲੀ ਦਲ ਦੀ ਕਮਾਨ ਰੱਖਣ ਦੀਆਂ ਕੋਸ਼ਿਸ਼ਾਂ ਨੂੰ ਧੱਕਾ ਲੱਗਾ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਦੇ ਹੁਕਮਾਂ ਮਗਰੋਂ ਇਹ ਬਾਗੀ ਧੜਾ ਸ਼ਾਂਤ ਹੋਇਆ ਸੀ ਪਰ ਤਖ਼ਤ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਮੁਅੱਤਲ ਕੀਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਨੇ ਇਸ ਧੜੇ ਨੂੰ ਨਵਾਂ ਮੌਕਾ ਦੇ ਦਿੱਤਾ ਹੈ। ਬਾਗੀ ਧੜਾ ਹੁਣ ਗਿਆਨੀ ਹਰਪ੍ਰੀਤ ਸਿੰਘ ਨਾਲ ਧੱਕਾ ਹੋਣ ਦਾ ਮੁੱਦਾ ਲੈ ਕੇ ਸੁਖਬੀਰ ਬਾਦਲ ਧੜੇ ਦੇ ਸਾਹਮਣੇ ਆ ਖੜ੍ਹਾ ਹੈ।
ਇਸ ਲਈ ਹੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੀਤੇ ਦਿਨ ਪੰਥ ਨੂੰ ਕੀਤੀ ਭਾਵੁਕ ਅਪੀਲ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਜੁੜੇ ਆਗੂ ਗੁਰਪਤਾਪ ਸਿੰਘ ਵਡਾਲਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਤੇ ਗਗਨਜੀਤ ਸਿੰਘ ਬਰਨਾਲਾ ਬੁੱਧਵਾਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕਰਨ ਪੁੱਜੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਚੰਦੂਮਾਜਰਾ, ਵਡਾਲਾ ਤੇ ਰੱਖੜਾ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਦਿੱਤੇ ਗਏ ਹੁਕਮ ਨੂੰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਲਾਗੂ ਕੀਤਾ ਗਿਆ ਸੀ ਪਰ ਅੱਜ ਦੇ ਹਾਲਾਤ ਇਹ ਹੋ ਚੁੱਕੇ ਹਨ ਕਿ ਦੂਜੇ ਧੜੇ ਵੱਲੋਂ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਦੀ ਥਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਟਰੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਉਹ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਲ ਖੜ੍ਹੇ ਹਨ।
ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਨਿਯੁਕਤੀ ਐਸਜੀਪੀਸੀ ਦੇ ਕਾਇਦੇ ਕਾਨੂੰਨਾਂ ਮੁਤਾਬਕ ਹੋਈ ਸੀ। ਉਨ੍ਹਾਂ ਕਿਹਾ ਅੱਜ ਲੋੜ ਹੈ ਕਿ ਸਮੁੱਚਾ ਪੰਥ ਇਕੱਠਾ ਹੋਵੇ ਜਿਸ ਲਈ ਉਹ ਸਾਂਝੇ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਅਕਾਲ ਤਖ਼ਤ ਦੇ ਹੁਕਮ ਸਰਵਉੱਚ ਹਨ ਤੇ ਹਰ ਸਿੱਖ ਲਈ ਇਨ੍ਹਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ ਪਰ ਜਿਨ੍ਹਾਂ ਵੱਲੋਂ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਸਿੱਖ ਸੰਗਤ ਜਵਾਬ ਦੇਵੇਗੀ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੂੰ ਮੈਮੋਰੰਡਮ ਦੇਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਹੁਕਮ ਦਿੱਤਾ ਸੀ ਕਿ ਜਥੇਦਾਰਾਂ ਵਿਰੁੱਧ ਕੋਈ ਵੀ ਜਾਂਚ ਸਿਰਫ਼ ਅਕਾਲ ਤਖ਼ਤ ਦੀ ਮਨਜ਼ੂਰੀ ਨਾਲ ਹੋ ਸਕਦੀ ਹੈ, ਤਾਂ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਅਣਅਧਿਕਾਰਤ ਕਮੇਟੀ ਵੱਲੋਂ ਜਾਂਚ ਕਿਉਂ ਕੀਤੀ ਜਾ ਰਹੀ ਹੈ।
ਅਕਾਲੀ ਦਲ ਵੀ ਹੋਇਆ ਸਰਗਰਮ
ਉਧਰ, ਵਿਰੋਧੀਆਂ ਦੀਆਂ ਗਤੀਵਿਧੀਆਂ ਨੂੰ ਵੇਖ ਸੁਖਬੀਰ ਬਾਦਲ ਦਾ ਧੜਾ ਵੀ ਸਰਗਰਮ ਹੋ ਗਿਆ ਹੈ। ਇਸੇ ਲਈ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ 'ਮਾਘੀ ਦੇ ਮੇਲੇ' ਮੌਕੇ ਵੱਡੀ ਕਾਨਫਰੰਸ ਕਰਨ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ 'ਚ ਚੱਲ ਰਹੀ ਉਥਲ-ਪੁਥਲ ਦਰਮਿਆਨ ਇਹ ਕਿਆਸ ਲਾਏ ਜਾ ਰਹੇ ਸਨ ਕਿ ਇਸ ਸਾਲ ਉਹ ਮਾਘ ਮੇਲੇ 'ਚ ਆਪਣੀ ਸਾਲਾਨਾ ਕਾਨਫਰੰਸ ਨਹੀਂ ਕਰਨਗੇ ਪਰ ਅੱਜ ਬਾਅਦ ਦੁਪਹਿਰ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਅਕਾਲੀ ਦਲ ਕਾਨਫਰੰਸ ਕਰਨ ਜਾ ਰਿਹਾ ਹੈ।
ਗਰਮ ਖਿਆਲੀਆਂ ਨੇ ਮੱਚਾਈ ਸਿਆਸੀ ਹਲਚਲ
ਦਰਅਸਲ ਸਿੱਖਾਂ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ ਅਕਸਰ ਸੁਰਖੀਆਂ ਵਿੱਚ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਦੇ ਇਸ ਕਦਮ ਨੇ ਖੇਤਰੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਉਨ੍ਹਾਂ ਦੀ ਪਾਰਟੀ ਦੇ ਮੁੱਦੇ ਸੂਬੇ ਵਿੱਚ ਸਿੱਖ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਕਰਨ ਤੇ ਪੰਜਾਬ ਦੀਆਂ ਸਥਾਨਕ ਸਮੱਸਿਆਵਾਂ ਜਿਵੇਂ ਬੇਰੁਜ਼ਗਾਰੀ, ਖੇਤੀ ਸੰਕਟ ਤੇ ਵਾਤਾਵਰਣ ਦੀ ਸੁਰੱਖਿਆ 'ਤੇ ਧਿਆਨ ਕੇਂਦਰਿਤ ਕਰਨਗੇ। ਇਸ ਦੇ ਨਾਲ ਹੀ ਉਹ ਨਸ਼ੇ 'ਤੇ ਵੀ ਆਪਣੀ ਆਵਾਜ਼ ਬੁਲੰਦ ਕਰਨਗੇ। ਗਰਮ ਖਿਆਲੀਏ ਇਹ ਕਦਮ ਉਸ ਵੇਲੇ ਚੁੱਕ ਰਹੇ ਹਨ ਜਦੋਂ ਸ਼੍ਰੋਮਣੀ ਅਕਾਲੀ ਦਲ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਦੱਸ ਦਈਏ ਕਿ ਪੰਜਾਬ ਦੇ ਸਿੱਖ ਭਾਈਚਾਰੇ ਲਈ ਇਤਿਹਾਸਕ ਤੇ ਧਾਰਮਿਕ ਤੌਰ 'ਤੇ ਮਹੱਤਵਪੂਰਨ ਮਹੱਤਵ ਵਾਲੇ ਮਾਘੀ ਤਿਉਹਾਰ ਤੇ ਮਾਘੀ ਮੇਲੇ ਨੂੰ ਇਸ ਐਲਾਨ ਲਈ ਚੁਣਿਆ ਗਿਆ ਹੈ। ਇਸ ਮੌਕੇ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਤੇ ਸਮਰਥਕ ਸ੍ਰੀ ਮੁਕਤਸਰ ਸਾਹਿਬ ਪਹੁੰਚਦੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਇਹ ਕਦਮ ਪੰਜਾਬ ਦੀ ਸਿਆਸਤ ਵਿੱਚ ਵੱਡੀ ਤਬਦੀਲੀ ਲਿਆ ਸਕਦਾ ਹੈ। ਖਾਸ ਕਰਕੇ ਅਜਿਹੇ ਸਮੇਂ ਜਦੋਂ ਮੌਜੂਦਾ ਪਾਰਟੀਆਂ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਪਾਲ ਦੀ ਨਵੀਂ ਪਾਰਟੀ, ਜੋ ਪੂਰੀ ਤਰ੍ਹਾਂ ਖੇਤਰੀ ਤੇ ਸਥਾਨਕ ਮੁੱਦਿਆਂ 'ਤੇ ਕੇਂਦਰਤ ਹੋਵੇਗੀ, ਸੂਬੇ ਦੇ ਵੋਟਰਾਂ ਲਈ ਇੱਕ ਨਵਾਂ ਵਿਕਲਪ ਬਣ ਸਕਦੀ ਹੈ।