ਜਲੰਧਰ: ਜਲੰਧਰ ਦੇ ਪੀਏਪੀ ਵਿੱਚ ਮਹਿਲਾ ਸਿਪਾਹੀਆਂ ਦੀ ਪਾਸਿੰਗ ਆਉਟ ਪਰੇਡ ਹੋਈ। ਇੱਥੇ ਟ੍ਰੇਨਿੰਗ ਦੇ 171ਵੇਂ ਬੈਚ ਵਿੱਚ 689 ਮਹਿਲਾ ਸਿਪਾਹੀ ਪਾਸ ਹੋਈਆਂ। ਪਾਸਿੰਗ ਆਉਟ ਪਰੇਡ ਵਾਲੇ ਦਿਨ ਇਨ੍ਹਾਂ ਕੁੜੀਆਂ ਦੇ ਕਰੀਬ 9 ਮਹੀਨੇ ਦੀ ਟ੍ਰੇਨਿੰਗ ਦੌਰਾਨ ਸਿੱਖੀਆਂ ਚੀਜ਼ਾਂ ਦਾ ਮੁਜ਼ਾਹਰਾ ਕੀਤਾ। ਪਰੇਡ ਤੋਂ ਬਾਅਦ ਮੁੱਖ ਮਹਿਮਾਨ ਡੀਜੀਪੀ ਲਾਅ ਐਂਡ ਆਰਡਰ ਐਚਐਸ ਢਿੱਲੋਂ ਨੇ ਅਹੁਦੇ ਦੀ ਸਹੁੰ ਚੁਕਵਾਈ।


 

ਪੂਰੇ ਪੰਜਾਬ ਦੀਆਂ ਇਨ੍ਹਾਂ 689 ਕੁੜੀਆਂ ਦੀ ਪੂਰੇ 9 ਮਹੀਨੇ ਪੀਏਪੀ ਵਿੱਚ ਟ੍ਰੇਨਿੰਗ ਚੱਲੀ। ਇਨ੍ਹਾਂ ਵਿੱਚੋਂ 20 ਤੋਂ ਵੱਧ ਕੁੜੀਆਂ ਕੋਲ ਮਾਸਟਰ ਡਿਗਰੀ ਤੇ ਇੱਕ ਕੋਲ ਐਮਐਡ ਦੀ ਡਿਗਰੀ ਵੀ ਹੈ। ਇਸ ਦੌਰਾਨ ਇਨ੍ਹਾਂ ਨੂੰ ਫਿਜ਼ੀਕਲ ਟ੍ਰੇਨਿੰਗ ਤੋਂ ਇਲਾਵਾ ਕੰਪਿਊਟਰ ਤੇ ਹਥਿਆਰ ਚਲਾਉਣ ਦੀ ਟ੍ਰੇਨਿੰਗ ਵੀ ਦਿੱਤੀ ਗਈ। ਆਪਣੀ ਟ੍ਰੇਨਿੰਗ ਦਾ ਮੁਜ਼ਾਹਰਾ ਕੁੜੀਆਂ ਨੇ ਅੱਜ ਕੀਤਾ ਵੀ। ਇਸ ਟ੍ਰੇਨਿੰਗ ਵਿੱਚ ਇੱਕ ਹੱਥ ਨਾਲ ਹਥਿਆਰ ਨੂੰ ਖੋਲ੍ਹਣਾ ਤੇ ਬੰਦ ਕਰਨਾ ਵੀ ਸ਼ਾਮਲ ਸੀ।

ਟ੍ਰੇਨਿੰਗ ਦੌਰਾਨ ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਕੁੜੀਆਂ ਨੂੰ ਡੀਜੀਪੀ ਲਾਅ ਐਂਡ ਆਰਡਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਕੁਝ ਦੇ ਨਾਂ ਡੀਜੀਪੀ ਡਿਸਕ ਵਾਸਤੇ ਵੀ ਭੇਜੇ ਗਏ। ਕੁੜੀਆਂ ਨੇ ਟ੍ਰੇਨਿੰਗ ਪੂਰੀ ਹੋਣ 'ਤੇ ਆਖਰ ਵਿੱਚ ਰੱਜ ਕੇ ਭੰਗੜਾ ਵੀ ਪਾਇਆ। ਪ੍ਰੋਗਰਾਮ ਤੋਂ ਬਾਅਦ ਡੀਜੀਪੀ ਲਾਅ ਐਂਡ ਆਰਡਰ ਨੇ ਕਿਹਾ ਕਿ ਇਨ੍ਹਾਂ ਕੁੜੀਆਂ ਨੇ ਟ੍ਰੇਨਿੰਗ ਦੌਰਾਨ ਵੀ ਚੰਗੀ ਡਿਉਟੀ ਕੀਤੀ। ਇਨ੍ਹਾਂ ਨੂੰ ਕਈ ਜ਼ਿਲ੍ਹਿਆਂ ਵਿੱਚ ਆਨ ਜੌਬ ਟ੍ਰੇਨਿੰਗ ਵੀ ਦਿੱਤੀ ਸੀ।