ਚੰਡੀਗੜ੍ਹ/ਜਲੰਧਰ : ਪੰਜਾਬ ਪੁਲਿਸ ਨੇ ਅੱਜ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਟੀ-ਪੁਆਇੰਟ ਲਾਡੋਵਾਲੀ ਰੋਡ ਜਲੰਧਰ ਵਿਖੇ ਵਿਸ਼ੇਸ਼ ਪੁਲਿਸ ਚੈਕਿੰਗ ਦੌਰਾਨ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਰੈਕੇਟ ਦਾ ਪਰਦਾਫਾਸ਼ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਵੱਲੋਂ ਕੀਤਾ ਗਿਆ ਹੈ।


ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੰਨੀ, ਸਮਾਇਲ ਉਰਫ ਸ਼ੇਰੂ, ਦਿਵਾਂਸ਼ ਉਰਫ ਵੰਸ਼, ਹੈਪੀ ਅਤੇ ਲਵ ਕੁਮਾਰ, ਸਾਰੇ ਵਾਸੀ ਜਲੰਧਰ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ  ਦੇ ਕਬਜ਼ੇ 'ਚੋਂ ਚਾਰ .32 ਬੋਰ ਦੇ ਪਿਸਤੌਲ ਸਮੇਤ 6 ਮੈਗਜ਼ੀਨ ਅਤੇ 32 ਜਿੰਦਾ ਕਾਰਤੂਸ, 6.5 ਲੱਖ ਰੁਪਏ ਦੀ ਡਰੱਗ ਮਨੀ, 103 ਗ੍ਰਾਮ ਹੈਰੋਇਨ, ਤਿੰਨ ਕਾਰਾਂ- ਮਾਰੂਤੀ ਸਵਿਫਟ, ਹੁੰਡਈ ਸੈਂਟਰੋ ਅਤੇ ਹੌਂਡਾ ਅਮੇਜ਼ ਅਤੇ 550 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਹੈ।


ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੌਕਸੀ ਤੇਜ਼ ਕਰ ਦਿੱਤੀ ਹੈ ਅਤੇ ਨਸ਼ਿਆਂ ਵਿਰੁੱਧ ਜ਼ੀਰੋ  ਸਹਿਣਸ਼ੀਲਤਾ ਨੀਤੀ ਅਪਣਾਈ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਜਲੰਧਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮ ਲਵ ਕੁਮਾਰ ਨੂੰ ਛੱਡ ਕੇ ਬਾਕੀ ਚਾਰੇ ਮੁਲਜ਼ਮਾਂ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਜੋ ਸ਼ਹਿਰ ਵਿੱਚ ਕਈ ਹਿੰਸਕ ਅਪਰਾਧਾਂ ਦੇ ਮਾਮਲਿਆਂ ਵਿੱਚ ਲੋੜੀਂਦੇ ਸਨ ਅਤੇ ਲੰਬੇ ਸਮੇਂ ਤੋਂ ਗ੍ਰਿਫ਼ਤਾਰੀ ਤੋਂ ਬਚ ਰਹੇ ਸਨ।



ਉਨ੍ਹਾਂ ਕਿਹਾ ਕਿ ਸੰਨੀ ਅਤੇ ਸ਼ੇਰੂ ਹਾਲ ਹੀ ਵਿੱਚ ਇੱਕ ਸਥਾਨਕ ਫੈਕਟਰੀ ਮਾਲਕ ਦੀ ਕਾਰ ’ਤੇ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਵੀ ਸ਼ਾਮਲ ਪਾਏ ਗਏ ਸਨ ਅਤੇ ਉਹ ਕਈ ਮਾਮਲਿਆਂ ਵਿੱਚ ਘੋਸ਼ਿਤ ਅਪਰਾਧੀ ਵੀ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਕਈ ਅਪਰਾਧਿਕ ਮਾਮਲਿਆਂ ਦੇ ਸੁਲਝਣ ਦੀ ਉਮੀਦ ਹੈ।

ਸੀਪੀ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਗਿਰੋਹ ਆਉਣ ਵਾਲੇ ਦਿਨਾਂ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ।