Punjab Police booked BJP Delhi unit Spokesperson Naveen Kumar Jindal, for sharing a doctored video of Arvind Kejriwal


ਮੁਹਾਲੀ: ਪੰਜਾਬ ਪੁਲਿਸ ਨੇ ਦਿੱਲੀ ਭਾਜਪਾ ਦੇ ਇੱਕ ਹੋਰ ਆਗੂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦਿੱਲੀ ਭਾਜਪਾ ਦੇ ਬੁਲਾਰੇ ਨਵੀਨ ਜਿੰਦਲ ਖਿਲਾਫ ਆਈਟੀ ਐਕਟ ਸਮੇਤ ਕਈ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਨਵੀਨ ਜਿੰਦਲ 'ਤੇ ਟਵਿੱਟਰ 'ਤੇ ਇੱਕ ਐਡਿਟ ਵੀਡੀਓ ਸ਼ੇਅਰ ਕਰਨ ਦਾ ਦੋਸ਼ ਹੈ ਜੋ ਕੇਜਰੀਵਾਲ ਦੇ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦਾ ਹਿੱਸਾ ਹੈ। ਇਸ ਰਾਹੀਂ ਜਿੰਦਲ ਦਾਅਵਾ ਕਰ ਰਹੇ ਹਨ ਕਿ ਕੇਜਰੀਵਾਲ ਪੰਜਾਬ ਵਿੱਚ ਖੁਦ, ਮੁੱਖ ਮੰਤਰੀ ਤੇ ਮੰਤਰੀਆਂ ਤੋਂ ਰਿਸ਼ਵਤ ਲੈਣ ਦੀ ਗੱਲ ਕਬੂਲ ਕਰ ਰਹੇ ਹਨ।


ਕੇਸ ਦਰਜ ਹੋਣ ਤੋਂ ਬਾਅਦ ਨਵੀਨ ਜਿੰਦਲ ਨੇ ਲਿਖਿਆ ਕਿ ਆਖਰਕਾਰ ਸੱਚਾਈ ਸਾਹਮਣੇ ਆ ਗਈ ਹੈ। ਉਧਰ, ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕੇਜਰੀਵਾਲ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਗੱਲ ਕਰ ਰਹੇ ਹਨ।




ਕੇਸ ਦਰਜ ਕਰਨ ਤੋਂ ਬਾਅਦ ਨਵੀਨ ਜਿੰਦਲ ਨੇ ਕਿਹਾ ਕਿ ਇਹ ਝੂਠਾ ਕੇਸ ਹੈ। ਉਨ੍ਹਾਂ ਨੂੰ ਪੰਜਾਬ ਮਿਲ ਗਿਆ ਹੈ ਤਾਂ ਉਹ ਪੁਲਿਸ ਦੀ ਦੁਰਵਰਤੋਂ ਕਰ ਰਹੇ ਹਨ। ਜਿੰਦਲ ਨੇ ਕਿਹਾ ਕਿ ਉਹ ਅਜਿਹੇ ਮਾਮਲਿਆਂ ਤੋਂ ਡਰਨ ਵਾਲੇ ਨਹੀਂ ਹਨ ਤੇ ਹਰ ਰੋਜ਼ ਅਜਿਹੇ ਪੋਲ ਖੋਲ੍ਹਦੇ ਰਹਿਣਗੇ।


ਉਧਰ ਭਾਜਪਾ ਆਗੂ ਕਪਿਲ ਮਿਸ਼ਰਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਭਾਜਪਾ ਆਗੂ ਖ਼ਿਲਾਫ਼ ਇੱਕ ਹੋਰ ਕੇਸ ਦਰਜ ਕੀਤਾ ਹੈ। ਜੇਕਰ ਅਜਿਹੇ ਸਿਆਸੀ ਬਿਆਨਾਂ 'ਤੇ ਐਫਆਈਆਰ ਦਰਜ ਕੀਤੀ ਗਈ ਹੁੰਦੀ ਤਾਂ ਅਰਵਿੰਦ ਕੇਜਰੀਵਾਲ ਕਦੇ ਵੀ ਸਿਆਸਤ 'ਚ ਨਹੀਂ ਆ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਅਰਵਿੰਦ ਕੇਜਰੀਵਾਲ ਦਾ ਤੋਤਾ ਬਣਾਉਣ ਦੀ ਸਾਜ਼ਿਸ਼ ਬਹੁਤੀ ਦੇਰ ਨਹੀਂ ਚੱਲੇਗੀ।


ਇਸ ਤੋਂ ਪਹਿਲਾਂ ਦਿੱਲੀ ਦੇ ਭਾਜਪਾ ਆਗੂਆਂ ਤੇਜਿੰਦਰਪਾਲ ਸਿੰਘ ਬੱਗਾ ਤੇ ਪ੍ਰੀਤੀ ਗਾਂਧੀ ਖਿਲਾਫ ਸਾਈਬਰ ਕ੍ਰਾਈਮ ਥਾਣਾ ਮੋਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ। ਅਰਵਿੰਦ ਕੇਜਰੀਵਾਲ ਖਿਲਾਫ਼ ਗਲਤ ਪੋਸਟ ਕਰਨ ਦੇ ਦੋਸ਼ ਵੀ ਲਗਾਏ ਗਏ। ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਬੱਗਾ ਨੇ ਕਿਹਾ ਕਿ ਨਵੀਨ ਜਿੰਦਲ ਉਹੀ ਨੇਤਾ ਹਨ, ਜਿਨ੍ਹਾਂ ਨੇ ਕੇਜਰੀਵਾਲ ਦੀ 11 ਕਰੋੜ ਦੀ ਸਵਿਮਿੰਗ ਪੂਲ ਯੋਜਨਾ ਦਾ ਪਰਦਾਫਾਸ਼ ਕੀਤਾ ਸੀ।


ਇਹ ਵੀ ਪੜ੍ਹੋ: BJP Punjab: ਭਾਜਪਾ ਨੇ ਵਿੱਢੀਆਂ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ, ਵਰਕਰਾਂ ਲਈ ਜਾਰੀ ਕੀਤੇ ਇਹ ਹੁਕਮ