ਚੰਡੀਗੜ੍ਹ: ਸਿੱਖ ਫਾਰ ਜਸਟਿਸ ਦੇ ਫੇਸਬੁੱਕ ਪੇਜ ਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਹੱਤਿਆ ਕਰਨ ਦੇ ਵੀਡੀਓ ਮੈਸੇਜ ਰਾਹੀਂ ਧਮਕੀ ਦੇਣ ਬਾਅਦ ਪੰਜਾਬ ਪੁਲਿਸ ਨੇ SFJ ਦੇ ਸੰਚਾਲਕ ਗੁਰਪਤਵੰਤ ਸਿੰਘ ਪੰਨੂ ਖਿਲਾਫ ਸਾਈਬਰ ਸੈਲ 'ਚ FIR ਦਰਜ ਕੀਤੀ ਹੈ।



ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ, ਪਾਬੰਦੀਸ਼ੁਦਾ ਸਿੱਖ ਫਾਰ ਜਸਟਿਸ (ਐਸਐਫਜੇ) ਤੇ ਇਸ ਦੇ ਸਵੈ-ਨਿਰਧਾਰਤ ਜਨਰਲ ਸਲਾਹਕਾਰ ਵੱਲੋਂ ਪੰਜਾਬ 'ਚ ਮੁਸ਼ਕਲਾਂ ਪੈਦਾ ਕਰਨ ਦੀ ਕਿਸੇ ਵੀ ਕੋਸ਼ਿਸ ਦਾ ਉਨ੍ਹਾਂ ਦੀ ਸਰਕਾਰ ਪੂਰੀ ਤਾਕਤ ਨਾਲ ਮੁਕਾਬਲਾ ਕਰੇਗੀ। ਇਸ ਗੱਲ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, "ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਨਹੀਂ ਦਿੱਤੀ ਜਾਏਗੀ। ਪੰਜਾਬ ਨੂੰ ਬੜੀ ਮੁਸ਼ਕਲ ਨਾਲ ਅੱਤਵਾਦ ਦੇ ਹਨੇਰੇ ਵਿੱਚੋਂ ਕੱਢਿਆ ਗਿਆ ਹੈ ਜਿਸ ਨੇ ਹਜ਼ਾਰਾਂ ਪੰਜਾਬੀਆਂ ਦੀ ਜਾਨ ਲਈ ਸੀ।"

ਮੁੱਖ ਮੰਤਰੀ ਨੇ ਕਿਹਾ ਕਿ, "ਪੰਨੂ ਵੱਲੋਂ ਧਰਮ ਦੇ ਨਾਂ 'ਤੇ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਸ਼ਾਂਤੀਪੂਰਨ ਵੱਖਵਾਦੀ ਮੁਹਿੰਮ ਦੀ ਆੜ ਵਿੱਚ ਇੱਕ ਵਾਰ ਫਿਰ ਨਫਰਤ, ਫੁੱਟ ਤੇ ਹਿੰਸਾ ਨੂੰ ਭੜਕਾਉਣ ਦੀਆਂ ਦੁਖਦਾਈ ਕੋਸ਼ਿਸ਼ਾਂ ਨੂੰ ਪੰਜਾਬ ਤੇ ਭਾਰਤ ਦੇ ਲੋਕਾਂ ਨੇ ਪਹਿਲਾਂ ਹੀ ਸਖਤ ਰੱਦ ਕਰ ਦਿੱਤਾ ਹੈ। ਸ਼ਾਂਤੀ ਨਾਲ ਜੀਓ ਤੇ ਖੁਸ਼ਹਾਲ ਹੋਵੋ।"

ਮੁੱਖ ਮੰਤਰੀ ਨੇ ਕਿਹਾ ਕਿ "ਸਾਰੇ ਰਾਜਨੀਤਿਕ ਨੇਤਾਵਾਂ ਤੇ ਪਾਰਟੀਆਂ ਨੇ ਪੰਨੂ ਦੇ ਪਾਕਿ ਆਈਐਸਆਈ ਵੱਲੋਂ ਫੰਡ ਕੀਤੇ ਗਏ ਇੱਕ ਵੱਖਰੇ ਰਾਸ਼ਟਰ ਦੇ ਅਭਿਆਨ ਦੀ ਨਿੰਦਾ ਕੀਤੀ ਸੀ।"