ਰੌਬਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਪੁਲਿਸ 'ਤੇ ਲੱਗਦਾ ਹੈ ਕਿ ਕੋਈ ਗ੍ਰਹਿ ਭਾਰੀ ਚੱਲ ਰਿਹਾ ਹੈ। ਆਏ ਦਿਨ ਪੁਲਿਸ ਮੁਲਾਜ਼ਮਾਂ ਦੀਆਂ ਵਾਇਰਲ ਵੀਡੀਓਜ਼ ਨੇ ਹੁਣ ਪੁਲਿਸ ਵਿਭਾਗ ਦੇ ਨੱਕ ਵਿੱਚ ਦਮ ਕਰਕੇ ਰੱਖ ਦਿੱਤਾ ਹੈ। ਫਗਵਾੜਾ, ਬਟਾਲਾ ਤੇ ਬਠਿੰਡਾ ਮਗਰੋਂ ਹੁਣ ਪੰਜਾਬ ਪੁਲਿਸ ਫਤਿਹਗੜ੍ਹ ਸਾਹਿਬ ਵਿੱਚ ਸ਼ਰਮਸਾਰ ਹੋਈ ਹੈ।
ਦਰਅਸਲ, ਫਤਿਹਗੜ੍ਹ ਸਾਹਿਬ ਵਿੱਚ ਹੁਣ ਇੱਕ ਹੌਲਦਾਰ ਚੋਰੀ ਕਰਦਾ ਫੜਿਆ ਗਿਆ। ਘਟਨਾ ਜੋਤੀ ਸਰੂਪ ਮੋੜ ਦੀ ਹੈ। ਇੱਥੇ ਪੁਲਿਸ ਵਾਲੇ ਨੇ ਸੜਕ ਤੇ ਖੜ੍ਹੀ ਇੱਕ ਰੇਹੜੀ ਤੋਂ 2 ਵਾਰ 4 ਅੰਡੇ ਚੋਰੀ ਕਰ ਲਏ।
ਇਸ ਮਗਰੋਂ ਪੁਲਿਸ ਮੁਲਾਜ਼ਮ ਆਟੋ ਵਿੱਚ ਬੈਠ ਕੇ ਉੱਥੋਂ ਰਫੂ ਚੱਕਰ ਹੋ ਗਿਆ। ਪੁਲਿਸ ਕਰਮੀ ਦੀ ਇਹ ਸਾਰੀ ਹਰਕਤ ਇੱਕ ਕੈਮਰੇ ਵਿੱਚ ਕੈਦ ਹੋ ਗਈ। ਇਸ ਮਗਰੋਂ ਇਹ ਪੂਰਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗਾ।
ਵੀਡੀਓ SSP ਅਮਨੀਤ ਕੌਂਡਲ ਕੋਲ ਪਹੁੰਚਣ ਮਗਰੋਂ ਉਨ੍ਹਾਂ ਨੇ ਤਹਿਸੀਲ ਗਾਰਦ ਵਿੱਚ ਤਾਇਨਾਤ ਹੌਲਦਾਰ ਤੇ ਤੁਰੰਤ ਕਾਰਵਾਈ ਕੀਤੀ ਤੇ ਉਸ ਨੂੰ ਸਸਪੈਂਡ ਕਰ ਦਿੱਤਾ। ਇਸ ਦੇ ਨਾਲ ਹੀ ਹੌਲਦਾਰ ਖਿਲਾਫ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ।
ਫਗਵਾੜਾ 'ਚ SHO ਮੁਅੱਤਲ
ਇਸ ਤੋਂ ਪਹਿਲਾਂ ਫਗਵਾੜਾ ਵਿੱਚ SHO ਨਵਦੀਪ ਸਿੰਘ ਨੇ ਕੋਵਿਡ ਗਾਈਡਲਾਈਨਜ਼ ਦਾ ਪਾਲਣ ਕਰਵਾਉਣ ਦੌਰਾਨ ਇੱਕ ਸਬਜੀ ਵਾਲੇ ਦੀ ਟੋਕਰੀ ਨੂੰ ਲੱਤ ਮਾਰੀ ਸੀ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਐਸਐਚਓ ਨਵਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਸੀ।
ਬਟਾਲਾ 'ਚ ASI ਸਸਪੈਂਡ
ਉਧਰ ਬਟਾਲਾ ਦੇ ਥਾਣਾ ਸਿਵਲ ਲਾਇਨ ਵਿੱਚ ਏਐਸਆਈ ਰਾਜਕੁਮਾਰ ਨੇ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਪਿੰਡ ਗੋਖੁਵਾਲ ਵਿੱਚ ਲੱਗੇ ਨਾਕੇ ਤੇ ਨਸ਼ੇ ਵਿੱਚ ਲੋਕਾਂ ਨੂੰ ਗਾਲਾਂ ਕੱਢੀਆਂ ਸੀ। ਡੀਜੀਪੀ ਪੰਜਾਬ ਬਾਰੇ ਵੀ ਮੰਦਭਾਗੇ ਸ਼ਬਦ ਵਰਤੇ ਸੀ। ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਐਸਐਸਪੀ ਬਟਾਲਾ ਰਛਪਾਲ ਸਿੰਘ ਨੇ ਮਾਮਲੇ ਦੀ ਜਾਂਚ ਸਿਵਲ ਲਾਈਨ ਦੇ ਐਸਐਚਓ ਨੂੰ ਸੌਂਪ ਦਿੱਤੀ ਤੇ ਏਐਸਆਈ ਨੂੰ ਸਸਪੈਂਡ ਕਰ ਦਿੱਤਾ।
ਬਠਿੰਡਾ 'ਚ ਇਤਰਾਜ਼ਯੋਗ ਹਾਲਤ 'ਚ ਮਿਲਿਆ CIA ਸਟਾਫ ਦਾ ASI
ਜ਼ਿਲ੍ਹਾ ਬਠਿੰਡਾ ਦੇ ਥਾਣਾ ਨਥਾਨਾ ਦੇ ਅਧੀਨ ਆਉਂਦੇ ਇੱਕ ਪਿੰਡ ਵਿੱਚ CIA ਸਟਾਫ ਦੇ ਇੱਕ ASI ਨੂੰ ਇੱਕ ਮਹਿਲਾ ਨਾਲ ਇਤਰਾਜ਼ਯੋਗ ਹਾਲਤ ਵਿੱਚ ਫੜ੍ਹਿਆ ਗਿਆ। ਪੁਲਿਸ ਨੇ ASI ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ। ਇਸ ਮਗਰੋਂ ਉਸਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਮਗਰੋਂ ਉਸ ਨੇ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਵਿਭਾਗ ਅਜਿਹੇ ਪੁਲਿਸ ਕਰਮਚਾਰੀਆਂ ਨੂੰ ਬਖਸ਼ਣ ਲਈ ਤਿਆਰ ਨਹੀਂ ਹੈ।