Punjab State Ministerial Services Union protest (ਫਾਜ਼ਿਲਕਾ) ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੁਨੀਅਨ ਸੂਬਾ ਬਾਡੀ ਵੱਲੋਂ ਲਏ ਗਏ ਫੈਸਲੇ ਤਹਿਤ 8 ਨਵੰਬਰ ਤੋਂ ਚੱਲ ਰਹੀਂ ਕਲਮ ਛੋੜ ਹੜਤਾਲ, ਕੰਪਿਉਟਰ ਬੰਦ, ਆਨਲਾਈਨ ਕੰਮ ਬੰਦ ਕਰਕੇ ਕੀਤੀ ਗਈ ਹੜਤਾਲ ਵਿੱਚ ਹੁੱਣ 28 ਨਵੰਬਰ 2023 ਤੱਕ ਵਾਧਾ ਕੀਤਾ ਗਿਆ ਹੈ।
ਸੂਬਾ ਬਾਡੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹਿਤ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਤੇ ਜਨਰਲ ਸਕੱਤਰ ਸੁਖਦੇਵ ਚੰਦ ਕੰਬੋਜ਼ ਦੀ ਅਗਵਾਈ ਹੇਠ 24 ਨਵੰਬਰ 2023 ਦਿਨ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਭਰਵੀਂ ਰੋਸ ਰੈਲੀ ਕਰਕੇ ਸ਼ਹਿਰ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਮਾਰਚ ਕੀਤਾ ਜਾਵੇਗਾ। ਉਨ੍ਹਾ ਸਮੂਹ ਵਿਭਾਗੀ ਜਿਲਾ ਪ੍ਰਧਾਨ/ ਜਨਰਲ ਸਕੱਤਰ ਸਹਿਬਾਨ,
ਸਮੂਹ ਮੁਲਾਜ਼ਮ ਅਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ/ ਸਾਂਝੇ ਮੁਲਾਜ਼ਮ ਮੰਚ ਅਤੇ ਭਰਾਤਰੀ ਜਥੇਬੰਦੀਆਂ ਦੇ ਜਿਲਾ ਇਕਾਈ ਫਾਜਿਲਕਾ ਦੇ ਅਹੁਦੇਦਾਰ ਸਹਿਬਾਨ ਨੂੰ ਸਾਥੀਆਂ ਸਮੇਤ ਭਰਵੀਂ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਹੈ।
ਮੁਲਾਜਮ ਆਗੂਆਂ ਨੇ ਕਿਹਾ ਕਿ ਮੁਲਾਜਮਾਂ ਦੀ ਜਾਇਜ ਤੇ ਹੱਕੀ ਮੰਗਾਂ ਜਿਸ ਵਿਚ ਪੇਅ ਕਮਿਸ਼ਨ ਨੂੰ ਸਹੀ ਢੰਗ ਨਾਲ ਲਾਗੂ ਕਰਨਾ, ਡੀ.ਏ. ਦੀਆਂ ਬਕਾਇਆ ਕਿਸ਼ਤਾਂ, ਕੱਚੇ ਮੁਲਾਜਮਾਂ ਨੂੰ ਪੱਕੇ ਕਰਨਾ ਅਤੇ ਮੁਲਾਜਮਾਂ ਦੀ ਸਭ ਤੋਂ ਵੱਡੀ ਮੰਗ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ ਆਦਿ ਹੋਰ ਵੱਖ-ਵੱਖ ਅਹਿਮ ਮੰਗਾਂ ਨੂੰ ਪੂਰਾ ਨਾ ਕਰਕੇ ਮੁਲਾਜਮਾਂ ਨਾਲ ਧੋਖਾ ਕੀਤਾ ਗਿਆ।
ਮੰਗਾਂ ਦੀ ਪੂਰਤੀ ਨਾ ਕਰਨ ਦੇ ਵਿਰੋਧ ਵਿਚ ਮੁਲਾਜਮਾ ਨੂੰ ਇਕ ਵਾਰ ਹੜਤਾਲਾਂ ਦਾ ਰੁਖ ਕਰਨਾ ਪੈ ਰਿਹਾ ਹੈ। ਜੇਕਰ ਸਰਕਾਰ ਵੱਲੋਂ ਮੁਲਾਜਮਾਂ ਪ੍ਰਤੀ ਕੋਈ ਹਾਂ-ਪਖੀ ਰਵਈਆ ਨਹੀ ਅਪਣਾਇਆ ਜਾਂਦਾ ਤਾਂ ਆਉਣ ਵਾਲੇ ਦਿਨਾਂ *ਚ ਸੂਬਾ ਬਾਡੀ ਦੇ ਫੈਸਲੇ ਅਨੁਸਾਰ ਹੋਰ ਤੀਖੇ ਸੰਘਰਸ਼ ਉਲੀਕੇ ਜਾਣਗੇ।
ਇਸ ਮੌਕੇ ਯੁਨੀਅਨ ਦੇ ਅਹੁਦੇਦਾਰ ਤੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਮੌਜੂਦ ਸਨ।