Punjab Assembly Elections Live Updates: ਪੰਜਾਬ ਦਾ ਸਿਆਸੀ ਮਾਹੌਲ, ਜਾਣੋ ਸੂਬੇ 'ਚ ਚੋਣਾਂ ਸਬੰਧੀ ਹੋ ਰਹੀ ਹਲਚਲ ਦੀ ਹਰ ਅਪਡੇਟ ਇੱਕ ਕਲਿਕ 'ਚ

Punjab Assembly Elections Updates 2022: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ 14 ਦੀ ਬਜਾਏ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਸੰਤ ਰਵਿਦਾਸ ਜੈਅੰਤੀ ਕਾਰਨ ਚੋਣ ਕਮਿਸ਼ਨ ਨੇ ਵੋਟਾਂ ਦੀ ਤਰੀਕ 'ਚ ਬਦਲਾਅ ਕੀਤਾ ਹੈ।

ਏਬੀਪੀ ਸਾਂਝਾ Last Updated: 02 Feb 2022 06:50 AM
ਬਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਪੂਰਬੀ ਹਲਕੇ ਵਿਚ ਪ੍ਰਚਾਰ ਮੁਹਿੰਮ ਦੌਰਾਨ ਮਿਲਿਆ ਲਾਮਿਸਾਲ ਹੁੰਗਾਰਾ
ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਪੂਰਬੀ ਹਲਕੇ ਵਿਚ ਪ੍ਰਚਾਰ ਮੁਹਿੰਮ ਦੌਰਾਨ ਲਾਮਿਸਾਲ ਹੁੰਗਾਰਾ ਮਿਲਿਆ ਹੈ। ਉਹਨਾਂ ਨੇ ਵਾਰਡ ਨੰਬਰ 27, 28, 29 ਤੇ 30 ਦੇ ਨਾਲ ਮਾਲ ਮੰਡੀ ਤੇ ਜਹਾਜ਼ ਮੰਡੀ ਵਿਚ ਵਿਸ਼ਾਲ ਪ੍ਰੋਗਰਾਮਾਂ ਨੁੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਨੇ ਥੋਥੇ ਵਾਅਦਿਆਂ ਨਾਲ ਅੰਮ੍ਰਿਤਸਰ ਪੂਰਬੀ ਹਲਕੇ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ।

 

ਉਹਨਾਂ ਕਿਹਾ ਕਿ ਹਰ ਵਾਰ ਜਦੋਂ ਵੀ ਚੋਣਾਂ ਨੇੜੇ ਹੁੰਦੀਆਂ ਹਨ ਤਾਂ ਉਹ ਨਵੇਂ ਮਾਡਲਾਂ ਦੀ ਗੱਲ ਕਰਨ ਲੱਗ ਜਾਂਦਾ ਹੈ। ਉਹ ਅਚਨਚੇਤ ਖੇਡ ਸਟੇਡੀਅਮਾਂ ਤੇ ਪੁੱਲਾਂ ਦੇ ਨਿਰਮਾਣ ਦੀ ਗੱਲ ਕਰਨ ਲੱਗ ਜਾਂਦਾ ਹੈ ਪਰ ਜਦੋਂ ਚੋਣਾਂ ਹੋ ਜਾਂਦੀਆਂ ਹਨ ਤਾਂ ਉਹ ਲੋਕਾਂ ਨੂੰ ਉਹਨਾਂ ਦੇ ਹਾਲ 'ਤੇ ਛੱਡ ਦਿੰਦਾ ਹੈ। ਇਹੀ ਕਾਰਨ ਹੈ ਕਿ ਅੰਮ੍ਰਿਤਸਰ ਪੂਰਬੀ ਵਿਚ ਪੀਣ ਵਾਲੇ ਪਾਣੀ ਤੇ ਆਧੁਨਿਕ ਸੀਵਰੇਜ ਸਿਸਟਮ ਸਮੇਤ ਬੁਨਿਆਦੀ ਸਹੂਲਤਾਂ ਦੀ ਘਾਟ ਹੈ।
ਖਡੂਰ ਸਾਹਿਬ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਉਮੀਦਵਾਰ ਸੰਤੋਖ ਸਿੰਘ ਦੀ ਨਾਮਜ਼ਦਗੀ ਰੱਦ

ਖਡੂਰ ਸਾਹਿਬ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਉਮੀਦਵਾਰ ਸੰਤੋਖ ਸਿੰਘ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਹੈ। ਹੁਣ ਇਸ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਾ ਕੋਈ ਵੀ ਉਮੀਦਵਾਰ ਚੋਣ ਨਹੀਂ ਲੜੇਗਾ। ਕਵਰਿੰਗ ਉਮੀਦਵਾਰ ਵਜੋਂ ਕਿਸੇ ਨੇ ਨਾਮਜ਼ਦਗੀ ਵੀ ਨਹੀਂ ਭਰੀ ਸੀ।

ਪੰਜਾਬ 'ਚ ਕਾਂਗਰਸ ਦੀਆਂ ਮੁਸ਼ਕਲਾਂ ਵਧੀਆਂ, 9 ਵਿਧਾਨ ਸਭਾ ਸੀਟਾਂ 'ਤੇ ਹੋਈ ਬਗਾਵਤ

ਪੰਜਾਬ 'ਚ ਮੁੱਖ ਮੰਤਰੀ ਦਾ ਚੇਹਰਾ ਤਲਾਸ਼ ਰਹੀ ਕਾਂਗਰਸ ਲਈ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਟਿਕਟਾਂ ਨਾ ਮਿਲਣ ਕਾਰਨ ਨਾਰਾਜ਼ ਆਗੂਆਂ ਨੇ ਬਗਾਵਤ ਸ਼ੁਰੂ ਕਰ ਦਿੱਤੀ ਹੈ। ਨਾਰਾਜ਼ ਕਾਂਗਰਸੀ ਆਗੂਆਂ ਦੇ ਰਿਸ਼ਤੇਦਾਰ ਆਜ਼ਾਦ ਚੋਣ ਮੈਦਾਨ ਵਿੱਚ ਉਤਰ ਗਏ ਹਨ। ਕਾਂਗਰਸ ਤੋਂ ਬਾਗੀ ਸੂਬੇ ਦੀਆਂ 9 ਸੀਟਾਂ 'ਤੇ ਚੋਣ ਲੜ ਰਹੇ ਹਨ। ਇਨ੍ਹਾਂ ਵਿੱਚ ਸੀਐਮ ਚਰਨਜੀਤ ਸਿੰਘ ਚੰਨੀ ਦੀ ਭਦੌੜ ਸੀਟ ਵੀ ਸ਼ਾਮਲ ਹੈ।


ਚੰਨੀ ਦੇ ਘਰ ਤੋਂ ਸ਼ੁਰੂ ਹੋਈ ਬਗਾਵਤ ਉਨ੍ਹਾਂ ਦੇ ਦੂਜੇ ਵਿਧਾਨ ਸਭਾ ਹਲਕੇ ਤੱਕ ਪਹੁੰਚ ਗਈ ਹੈ। ਚੰਨੀ ਦੇ ਛੋਟੇ ਭਰਾ ਡਾ: ਮਨੋਹਰ ਸਿੰਘ ਕਾਂਗਰਸ ਦੀ ਟਿਕਟ ਨਾ ਮਿਲਣ ਕਾਰਨ ਬੱਸੀ ਪਠਾਣਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਚੰਨੀ ਨੇ ਭਰਾ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਅੜਿਆ ਰਿਹਾ। ਮਨੋਹਰ ਨੇ ਚੋਣਾਂ ਲਈ ਸਰਕਾਰੀ ਨੌਕਰੀ ਵੀ ਛੱਡ ਦਿੱਤੀ ਹੈ। ਕਾਂਗਰਸ ਨੇ ਬੱਸੀ ਪਠਾਣਾ ਤੋਂ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਹੈ

ਹਰ ਕੋਈ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ- ਸੀਐੱਮ ਚੰਨੀ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਵਾਰ ਦੋ ਵਿਧਾਨ ਸਭਾ ਸੀਟਾਂ ਤੋਂ ਚੋਣ ਲੜਨਗੇ। ਕਾਂਗਰਸ ਨੇ ਉਨ੍ਹਾਂ ਨੂੰ ਭਦੌੜ ਅਤੇ ਚਮਕੌਰ ਸਾਹਿਬ ਤੋਂ ਟਿਕਟ ਦਿੱਤੀ ਹੈ। ਚਮਕੌਰ ਸਾਹਿਬ ਵਿਖੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸੰਬੋਧਨ ਦੌਰਾਨ ਕਿਹਾ ਕਿ ਹਰ ਕੋਈ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਰੇਡ ਕੀਤੀ ਜਾ ਰਹੀ ਹੈ, 15 ਸਾਲ ਮੈਂ ਚਮਕੌਰ ਸਾਹਿਬ ਵਿਚ ਰਿਹਾ । ਉਹਨਾਂ ਕਿਹਾ ਕਿ ਹੁਣ ਲੋਕਾਂ ਨੇ ਮੇਰਾ ਖਿਆਲ ਰੱਖਣਾ ਹੈ। 

ਸੁਨੀਲ ਜਾਖੜ ਦਾ ਵੱਡਾ ਖੁਲਾਸਾ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਨਵੇਂ ਸੀਐਮ ਲਈ ਕਾਂਗਰਸ ਵਿੱਚ ਵੋਟਿੰਗ ਹੋਈ ਹੈ। 79 ਵਿਧਾਇਕਾਂ ਵਿੱਚੋਂ 42 ਨੇ ਮੇਰੇ ਹੱਕ ਵਿੱਚ ਵੋਟ ਪਾਈ। ਚਰਨਜੀਤ ਚੰਨੀ ਨਾਲ ਸਿਰਫ਼ ਦੋ ਵਿਧਾਇਕ ਸਨ। ਇਸ ਦੇ ਬਾਵਜੂਦ ਉਹ ਸੀ.ਐਮ. ਬਣ ਗਏ। ਜਾਖੜ ਨੇ ਦੱਸਿਆ ਕਿ ਉਹਨਾਂ ਤੋਂ ਬਾਅਦ ਸਭ ਤੋਂ ਵੱਧ 16 ਵਿਧਾਇਕਾਂ ਨੇ ਸੁਖਜਿੰਦਰ ਰੰਧਾਵਾ, 12 ਵਿਧਾਇਕਾਂ ਨੇ ਕੈਪਟਨ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਦਾ ਨਾਂ ਲਿਆ  ਅਤੇ ਨਵਜੋਤ ਸਿੱਧੂ ਦੇ ਹੱਕ ਵਿੱਚ 6 ਵਿਧਾਇਕਾਂ ਨੇ ਵੋਟ ਪਾਈ।

ਸੀਐਮ ਫੇਸ ਲਈ ਆਪ ਵਾਂਗ ਕਾਂਗਰਸ ਨੇ ਸ਼ੁਰੂ ਕੀਤੀ ਫੋਨ ਕਾਲ ਮੁਹਿੰਮ

'ਆਪ' ਦੇ ਰਾਹ 'ਤੇ ਚੱਲਦਿਆਂ ਕਾਂਗਰਸ ਨੇ ਵੀ ਪੰਜਾਬ 'ਚ ਮੁੱਖ ਮੰਤਰੀ ਦੇ ਚਿਹਰੇ ਲਈ ਫੋਨ ਕਾਲ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਪਾਰਟੀ ਸੂਬੇ ਦੇ ਲੋਕਾਂ ਨੂੰ ਬੁਲਾ ਕੇ ਮੁੱਖ ਮੰਤਰੀ ਦੇ ਚਿਹਰੇ ਲਈ ਉਨ੍ਹਾਂ ਦੀ ਪਸੰਦ ਦੇ ਉਮੀਦਵਾਰ ਬਾਰੇ ਪੁੱਛੇਗੀ। ਇਸ ਮੁਹਿੰਮ ਤਹਿਤ ਪਾਰਟੀ ਪੰਜਾਬ ਦੇ ਲੋਕਾਂ ਨੂੰ ਫੋਨ ਕਰ ਕੇ ਮੁੱਖ ਮੰਤਰੀ ਦੇ ਚਿਹਰੇ ਲਈ ਉਨ੍ਹਾਂ ਦੇ ਚਹੇਤੇ ਉਮੀਦਵਾਰ ਬਾਰੇ ਪੁੱਛੇਗੀ। ਇਸ ਦੇ ਲਈ ਪਾਰਟੀ ਨੇ ਤਿੰਨ ਵਿਕਲਪ ਦਿੱਤੇ ਹਨ। ਪਹਿਲਾ ਵਿਕਲਪ- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਦੂਜਾ ਨਵਜੋਤ ਸਿੰਘ ਸਿੱਧੂ ਅਤੇ ਤੀਜਾ ਵਿਕਲਪ ਬਿਨਾਂ ਚਿਹਰੇ ਤੋਂ ਚੋਣ ਲੜਨਾ ਹੈ।

ਭਗਵੰਤ ਮਾਨ ਦਾ ਚੰਨੀ 'ਤੇ ਹਮਲਾ

ਮਾਲਵਾ ਖੇਤਰ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਭਾਵ ਘਟਾਉਣ ਦੀ ਰਣਨੀਤੀ ਵਜੋਂ ਕਾਂਗਰਸ ਵੱਲੋਂ ਚੰਨੀ ਨੂੰ ਭਦੌੜ ਤੋਂ ਚੋਣ ਲੜਨ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਮਾਲਵੇ ਵਿੱਚ ਕੋਈ ਫਰਕ ਨਹੀਂ ਪਵੇਗਾ, ਭਦੌੜ ਵਿੱਚ ਚੰਨੀ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ। ਆਪਣੀ ਸੀਟ ਬਾਰੇ ਵੀ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਹੀ ਇੱਥੋਂ ਦੇ ਲੋਕਾਂ ਦਾ ਸਮਰਥਨ ਮਿਲਿਆ ਹੈ।

ਕੈਪਟਨ ਦਾ ਦਾਅਵਾ- ਸਿੱਧੂ ਦੀ ਹਾਰ ਪੱਕੀ

ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਪੂਰਬੀ ਸੀਟ ਤੋਂ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਵੇਗਾ। ਪਿਛਲੇ ਦਿਨੀਂ ਸਿੱਧੂ ਨੇ ਇਹ ਸੀਟ ਭਾਜਪਾ ਦੇ ਸਮਰਥਨ ਨਾਲ ਹੀ ਜਿੱਤੀ ਹੈ। ਕੈਪਟਨ ਨੇ ਸਿੱਧੂ ਦੇ ਦੋਸ਼ਾਂ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਕਿ ਮੇਰੇ ਖਿਲਾਫ ਬਿਕਰਮ ਮਜੀਠੀਆ ਨੂੰ ਮੈਦਾਨ ਵਿੱਚ ਉਤਾਰਨ ਦਾ ਕਾਰਨ ਉਹ (ਕੈਪਟਨ) ਹਨ।

ਚੋਣ ਕਮਿਸ਼ਨ ਨੇ ਐਸਐਸਐਮ ਨੂੰ ਹਰੀ ਝੰਡੀ

ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਸਾਂਝੇ ਮੋਰਚੇ (ਐਸਐਸਐਮ) ਨੂੰ ਸਿਆਸੀ ਪਾਰਟੀ ਵਜੋਂ ਮਾਨਤਾ ਦੇ ਦਿੱਤੀ ਹੈ। ਹਾਲਾਂਕਿ ਕਮਿਸ਼ਨ ਨੇ ਅਜੇ ਤੱਕ ਇਸ ਨੂੰ ਚੋਣ ਨਿਸ਼ਾਨ ਜਾਰੀ ਨਹੀਂ ਕੀਤਾ ਹੈ। ਸੰਯੁਕਤ ਸਮਾਜ ਮੋਰਚਾ ਦੇ ਨਾਂ ਨੂੰ ਲੈ ਕੇ ਕਮਿਸ਼ਨ ਨੂੰ ਕੁਝ ਇਤਰਾਜ਼ ਸਨ, ਜਿਸ ਕਾਰਨ ਇਸ ਦੀ ਮਾਨਤਾ ਦਾ ਮਾਮਲਾ ਅਟਕ ਗਿਆ ਸੀ।

ਇੱਕ ਵਾਰ ਫਿਰ ਮੋਦੀ ਦੀ ਪੰਜਾਬ ਫੇਰੀ ਦਾ ਐਲਾਨ

ਪੰਜਾਬ ਸੂਬੇ 'ਚ 20 ਫਰਵਰੀ ਨੂੰ ਵਿਧਾਨ ਸਭਾ ਚੋਣ ਹੋਣ ਜਾ ਰਹੀਆਂ ਹਨ। ਅਜਿਹੇ 'ਚ ਹਰ ਪਾਰਟੀ ਆਪਣੀ ਪੂਰੀ ਤਾਕਤ ਨਾਲ ਸੂਬੇ 'ਚ ਪ੍ਰਚਾਰ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਸੂਬੇ 'ਚ ਇਸ ਵਾਰ ਕੈਟਪਨ ਅਮਰਿੰਦਰ ਸਿੰਘ ਵਖਰੀ ਪਾਰਟੀ ਨਾਲ ਚੋਣ ਮੈਦਾਨ 'ਚ ਨਿਤਰੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੋਣਾਂ ਦੇ ਪ੍ਰਚਾਰ ਲਈ ਬਹੁਤ ਜਲਦੀ ਪੰਜਾਬ ਦਾ ਦੌਰਾ ਕਰਨਗੇ।

ਪਿਛੋਕੜ

Punjab Election 2022: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀ ਤਰੀਕ ਬਹੁਤ ਨੇੜੇ ਹੈ। ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਇੱਕੋ ਪੜਾਅ ਵਿੱਚ ਵੋਟਾਂ ਪੈਣਗੀਆਂ। ਇਸ ਸਮੇਂ ਸਾਰੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਇਹ ਆਗੂ ਚੋਣ ਹਲਫ਼ਨਾਮੇ ਵਿੱਚ ਆਪਣੀ ਜਾਇਦਾਦ ਦਾ ਵੇਰਵਾ ਵੀ ਦੇ ਰਹੇ ਹਨ। ਆਓ ਜਾਣਦੇ ਹਾਂ ਪੰਜਾਬ 'ਚ 'ਆਪ', ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਮੰਤਰੀ ਦੇ ਉਮੀਦਵਾਰਾਂ 'ਚੋਂ ਸਭ ਤੋਂ ਵੱਧ ਅਮੀਰ ਕੌਣ ਹੈ।


'ਆਪ' ਦੇ CM ਚਿਹਰੇ ਭਗਵੰਤ ਮਾਨ ਦੀ ਜਾਇਦਾਦ


ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚੇਹਰਾ ਭਗਵੰਤ ਮਾਨ ਹੈ। ਜਿੱਥੋਂ ਤੱਕ ਉਨ੍ਹਾਂ ਦੀ ਜਾਇਦਾਦ ਦਾ ਸਵਾਲ ਹੈ, ਉਨ੍ਹਾਂ ਨੇ ਚੋਣ ਹਲਫਨਾਮੇ 'ਚ ਆਪਣੀ ਜਾਇਦਾਦ 1.97 ਕਰੋੜ ਰੁਪਏ ਦੱਸੀ ਹੈ। ਇਸ ਵਿੱਚ ਉਸ ਦੀਆਂ 27 ਲੱਖ ਰੁਪਏ ਦੀਆਂ ਦੋ ਟੋਇਟਾ ਫਾਰਚੂਨਰ SUV ਤੇ 1.49 ਕਰੋੜ ਰੁਪਏ ਦੀ ਅਚੱਲ ਜਾਇਦਾਦ ਸ਼ਾਮਲ ਹੈ। ਮਾਨ ਨੇ ਦੱਸਿਆ ਕਿ ਸਾਲ 2020-21 ਦੌਰਾਨ ਉਨ੍ਹਾਂ ਦੀ ਕੁੱਲ ਕਮਾਈ 18.34 ਲੱਖ ਸੀ। ਮਾਨ ਕੋਲ ਸੰਗਰੂਰ ਵਿੱਚ 1.12 ਕਰੋੜ ਹੈ। ਇੱਥੇ 37 ਲੱਖ ਰੁਪਏ ਦੀ ਵਾਹੀਯੋਗ ਜ਼ਮੀਨ ਹੈ, ਜਦਕਿ ਪਟਿਆਲਾ ਵਿੱਚ 37 ਲੱਖ ਰੁਪਏ ਦੀ ਵਪਾਰਕ ਜਾਇਦਾਦ ਹੈ।


ਹਲਫ਼ਨਾਮੇ ਅਨੁਸਾਰ ਉਸ ਕੋਲ ਕੋਈ ਰਿਹਾਇਸ਼ੀ ਜਾਇਦਾਦ ਨਹੀਂ ਹੈ। ਮਾਨ ਕੋਲ ਸਾਢੇ ਪੰਜ ਲੱਖ ਦੀ ਕੀਮਤ ਦੇ 95 ਗ੍ਰਾਮ ਗਹਿਣੇ, 20 ਹਜ਼ਾਰ ਰੁਪਏ ਦੀ ਇੱਕ ਬੰਦੂਕ ਹੈ। ਮਾਨ ਨੇ ਸਾਲ 1992 ਵਿੱਚ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਤੋਂ ਬੀ.ਕਾਮ ਪਹਿਲੇ ਸਾਲ ਦੀ ਪ੍ਰੀਖਿਆ ਪਾਸ ਕੀਤੀ ਸੀ। 48 ਸਾਲਾ 'ਆਪ' ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਧੂਰੀ ਸੀਟ ਤੋਂ ਚੋਣ ਲੜ ਰਹੇ ਹਨ। ਉਸਨੇ ਨਾਮਜ਼ਦਗੀ ਦੌਰਾਨ ਆਪਣੇ ਹਲਫਨਾਮੇ ਵਿੱਚ ਆਪਣੀ ਜਾਇਦਾਦ ਅਤੇ ਦੇਣਦਾਰੀਆਂ ਦਾ ਵੇਰਵਾ ਦਿੱਤਾ ਹੈ।


ਨਵਜੋਤ ਸਿੰਘ ਸਿੱਧੂ ਨੇ ਦੱਸੀ ਜਾਇਦਾਦ


ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਮੁੱਖ ਮੰਤਰੀ ਦਾ ਚਿਹਰਾ ਮੰਨੇ ਜਾਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਨਾਮਜ਼ਦਗੀ ਪੱਤਰ ਵਿੱਚ ਦੱਸਿਆ ਹੈ ਕਿ ਉਨ੍ਹਾਂ ਕੋਲ 44.63 ਕਰੋੜ ਤੋਂ ਵੱਧ ਦੀ ਜਾਇਦਾਦ ਹੈ। ਜਿਸ ਵਿੱਚ 41 ਕਰੋੜ ਦੀ ਅਚੱਲ ਜਾਇਦਾਦ ਸ਼ਾਮਲ ਹੈ। ਭਰਤੀ ਸਮੇਂ ਉਸ ਕੋਲ 3 ਲੱਖ 50 ਹਜ਼ਾਰ ਰੁਪਏ ਦੀ ਨਕਦੀ ਸੀ। ਨਵਜੋਤ ਸਿੰਘ ਸਿੱਧੂ ਦੇ ਵੱਖ-ਵੱਖ ਬੈਂਕ ਖਾਤਿਆਂ 'ਚ 8 ਲੱਖ 51 ਹਜ਼ਾਰ ਤੋਂ ਵੱਧ ਰੁਪਏ ਜਮ੍ਹਾਂ ਹਨ। ਇਸ ਦੇ ਨਾਲ ਹੀ ਉਸ ਦੀ ਪਤਨੀ ਨਵਜੋਤ ਕੌਰ ਦੇ ਬੈਂਕ ਖਾਤੇ ਵਿੱਚ 65 ਲੱਖ 26 ਹਜ਼ਾਰ ਰੁਪਏ ਜਮ੍ਹਾਂ ਹਨ। ਦੋਵਾਂ ਦੇ ਕੋਲ 1 ਕਰੋੜ ਤੋਂ ਜ਼ਿਆਦਾ ਦੇ ਗਹਿਣੇ ਹਨ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੀ 44 ਲੱਖ ਰੁਪਏ ਦੀ ਘੜੀ ਪਹਿਨਦੇ ਹਨ।


ਨਵਜੋਤ ਸਿੰਘ ਸਿੱਧੂ ਕੋਲ ਦੋ ਟੋਇਟਾ ਲੈਂਡ ਕਰੂਜ਼ਰ ਅਤੇ ਇੱਕ ਟੋਇਟਾ ਫਾਰਚੂਨਰ ਹੈ। ਉਨ੍ਹਾਂ ਕੋਲ ਵਾਹੀਯੋਗ ਅਤੇ ਗੈਰ ਕਾਸ਼ਤਯੋਗ ਜ਼ਮੀਨ ਨਹੀਂ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਦੀ 4 ਕਰੋੜ 56 ਲੱਖ ਰੁਪਏ ਦੀ ਵਪਾਰਕ ਇਮਾਰਤ ਹੈ, ਇਸ ਤੋਂ ਇਲਾਵਾ 40 ਕਰੋੜ 44 ਲੱਖ ਦੀ ਰਿਹਾਇਸ਼ੀ ਇਮਾਰਤ ਵੀ ਹੈ। ਦੱਸ ਦੇਈਏ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਸੀਟ ਤੋਂ ਚੋਣ ਲੜਨਗੇ।


ਚਰਨਜੀਤ ਸਿੰਘ ਚੰਨੀ ਨੇ ਦੱਸੀ 9.44 ਕਰੋੜ ਦੀ ਜਾਇਦਾਦ


ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 9.44 ਕਰੋੜ ਦੀ ਜਾਇਦਾਦ ਦੱਸੀ ਹੈ। ਚੰਨੀ ਨੇ ਸੋਮਵਾਰ ਨੂੰ ਬਰਨਾਲਾ ਜ਼ਿਲ੍ਹੇ ਦੀ ਭਦੌੜ ਸੀਟ ਤੋਂ ਨਾਮਜ਼ਦਗੀ ਦਾਖ਼ਲ ਕੀਤੀ ਸੀ। ਇਸ ਦੇ ਨਾਲ ਦਿੱਤੇ ਹਲਫਨਾਮੇ 'ਚ ਚੰਨੀ ਨੇ ਦੱਸਿਆ ਕਿ ਉਨ੍ਹਾਂ ਕੋਲ ਕਰੀਬ 32.57 ਲੱਖ ਰੁਪਏ ਦੀ SUV ਟੋਇਟਾ ਫਾਰਚੂਨਰ ਹੈ। ਇਸ ਦੇ ਨਾਲ ਹੀ ਉਸ ਦੀ ਪਤਨੀ ਕੋਲ 45.99 ਲੱਖ ਰੁਪਏ ਦੀਆਂ ਦੋ ਗੱਡੀਆਂ ਹਨ। ਚੋਣ ਹਲਫ਼ਨਾਮੇ ਅਨੁਸਾਰ ਚੰਨੀ ਕੋਲ 2.62 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਕੋਲ 6.82 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਚੰਨੀ ਅਤੇ ਉਸ ਦੀ ਪਤਨੀ 'ਤੇ ਕਰਜ਼ੇ ਸਮੇਤ ਕੁੱਲ 88.35 ਲੱਖ ਰੁਪਏ ਦੀਆਂ ਦੇਣਦਾਰੀਆਂ ਹਨ। ਚੰਨੀ ਨੇ 2020-21 ਲਈ ਆਪਣੀ ਕੁੱਲ ਆਮਦਨ 27.84 ਲੱਖ ਦੱਸੀ ਹੈ।


ਕੈਪਟਨ ਅਮਰਿੰਦਰ ਸਿੰਘ ਨੇ ਦੱਸੀ 68.73 ਕਰੋੜ ਰੁਪਏ ਦੀ ਜਾਇਦਾਦ


ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਵਿਧਾਨ ਸਭਾ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਨਾਮਜ਼ਦਗੀ ਪੱਤਰ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਕੁੱਲ 68.73 ਕਰੋੜ ਰੁਪਏ ਦੀ ਜਾਇਦਾਦ ਹੈ। ਇਨ੍ਹਾਂ ਵਿੱਚ ਮੋਹਾਲੀ ਦੇ ਸਿਸਵਾਂ ਵਿੱਚ ਇੱਕ ਫਾਰਮ ਹਾਊਸ, ਪਟਿਆਲਾ ਵਿੱਚ ਜੱਦੀ ਮੋਤੀ ਬਾਗ ਪੈਲੇਸ, ਹੀਰੇ ਅਤੇ ਸੋਨੇ ਦੇ ਗਹਿਣੇ ਸ਼ਾਮਲ ਹਨ। ਹਲਫ਼ਨਾਮੇ ਮੁਤਾਬਕ ਅਮਰਿੰਦਰ ਸਿੰਘ ਕੋਲ 10.42 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ। ਉਨ੍ਹਾਂ ਕੋਲ 58.31 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ।


ਅਮਰਿੰਦਰ ਸਿੰਘ ਕੋਲ ਕੋਈ ਵਾਹਨ ਨਹੀਂ ਹੈ। ਉਸ ਕੋਲ 51.68 ਲੱਖ ਰੁਪਏ ਦੇ ਹੀਰਿਆਂ ਸਮੇਤ ਸੋਨੇ ਦੇ ਗਹਿਣੇ ਹਨ, ਜਦਕਿ ਉਸ ਦੀ ਪਤਨੀ ਕੋਲ 37.75 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਹਨ। ਅਮਰਿੰਦਰ ਸਿੰਘ ਨੇ ਹਰਿਦੁਆਰ, ਸ਼ਿਮਲਾ ਅਤੇ ਮੋਹਾਲੀ ਵਿੱਚ ਵਾਹੀਯੋਗ ਅਤੇ ਗੈਰ-ਖੇਤੀਯੋਗ ਜ਼ਮੀਨ ਦਿਖਾਈ ਹੈ। ਉਸਨੇ 9.26 ਕਰੋੜ ਰੁਪਏ ਦੀ ਕੁੱਲ ਦੇਣਦਾਰੀ ਵੀ ਘੋਸ਼ਿਤ ਕੀਤੀ। ਉਸਨੇ ਸਾਲ 2020-21 ਲਈ ਆਪਣੀ ਕੁੱਲ ਆਮਦਨ 39.99 ਲੱਖ ਰੁਪਏ ਘੋਸ਼ਿਤ ਕੀਤੀ।


ਸੁਖਬੀਰ ਸਿੰਘ ਬਾਦਲ ਨੇ ਦੱਸੀ ਕੁੱਲ 122.77 ਕਰੋੜ ਦੀ ਜਾਇਦਾਦ


ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਚੋਣ ਹਲਫ਼ਨਾਮੇ ਵਿੱਚ ਕੁੱਲ 122.77 ਕਰੋੜ ਰੁਪਏ ਦੀ ਜਾਇਦਾਦ ਦੱਸੀ ਹੈ। ਇਸ ਵਿੱਚ 95.82 ਲੱਖ ਰੁਪਏ ਦੇ ਘੋੜੇ, 3 ਲੱਖ ਰੁਪਏ ਦੇ ਦੋ ਹਥਿਆਰ ਅਤੇ 52.95 ਕਰੋੜ ਰੁਪਏ ਦੀ ਅਚੱਲ ਜਾਇਦਾਦ ਸ਼ਾਮਲ ਹੈ। ਬਾਦਲ ਨੇ ਸੋਮਵਾਰ ਨੂੰ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੀ ਜਲਾਲਾਬਾਦ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ।


ਅਕਾਲੀ ਆਗੂ ਨੇ ਐਲਾਨ ਕੀਤਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਕੋਲ ਕ੍ਰਮਵਾਰ 51.21 ਕਰੋੜ ਰੁਪਏ ਅਤੇ 71.56 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਅਕਾਲੀ ਮੁਖੀ ਨੇ ਦੱਸਿਆ ਕਿ ਉਸ ਕੋਲ ਕੋਈ ਕਾਰ ਨਹੀਂ ਹੈ ਪਰ 2.38 ਲੱਖ ਰੁਪਏ ਦੇ ਦੋ ਟਰੈਕਟਰ ਉਸ ਦੇ ਨਾਂ ’ਤੇ ਹਨ। ਹਲਫਨਾਮੇ ਮੁਤਾਬਕ ਸੁਖਬੀਰ ਬਾਦਲ ਕੋਲ 9 ਲੱਖ ਰੁਪਏ ਹਨ, ਜਦਕਿ ਉਨ੍ਹਾਂ ਦੀ ਪਤਨੀ ਕੋਲ 7.24 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਹਨ। ਅਚੱਲ ਜਾਇਦਾਦ ਬਾਰੇ ਗੱਲ ਕਰਦਿਆਂ ਬਾਦਲ ਨੇ ਕਿਹਾ ਹੈ ਕਿ ਮੁਕਤਸਰ, ਸਿਰਸਾ (ਹਰਿਆਣਾ), ਗੰਗਾਨਗਰ (ਰਾਜਸਥਾਨ), ਲੁਧਿਆਣਾ ਤੇ ਜਲੰਧਰ ਵਿੱਚ ਖੇਤੀ ਤੇ ਗੈਰ-ਖੇਤੀ ਵਾਲੀ ਜ਼ਮੀਨ ਤੋਂ ਇਲਾਵਾ ਵਪਾਰਕ ਜਾਇਦਾਦਾਂ ਹਨ। ਸੈਕਟਰ 9 ਵਿੱਚ 2225 ਵਰਗ ਗਜ਼ ਵਿੱਚ ਇੱਕ ਮਕਾਨ ਬਣਿਆ ਹੋਇਆ ਹੈ। ਜਿਸ ਦੀ ਬਾਜ਼ਾਰੀ ਕੀਮਤ 23.72 ਕਰੋੜ ਰੁਪਏ ਹੈ। ਅਕਾਲੀ ਆਗੂ 'ਤੇ ਬੈਂਕ ਕਰਜ਼ਿਆਂ ਸਮੇਤ ਕੁੱਲ 37.62 ਕਰੋੜ ਰੁਪਏ ਦੀ ਦੇਣਦਾਰੀ ਹੈ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.