ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਪ੍ਰਾਈਵੇਟ ਬੱਸਾਂ ਨੂੰ ਸਰਕਾਰੀ ਬੱਸਾਂ (Punjab Roadways )ਦਾ ਟਾਈਮ ਵੇਚਣ ਦੇ ਮਾਮਲੇ 'ਚ ਰੋਡਵੇਜ਼ ਦੇ 2 ਸੇਵਾਮੁਕਤ ਇੰਸਪੈਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਮੁਲਜ਼ਮ ਕਰੀਬ ਦੋ ਸਾਲ ਪਹਿਲਾਂ ਸੇਵਾਮੁਕਤ ਹੋਏ ਸਨ। ਇਨ੍ਹਾਂ ਦੋਵੇਂ ਮੁਲਜ਼ਮਾਂ 'ਤੇ ਦੋਸ਼ ਹੈ ਕਿ ਆਪਣੀ ਡਿਊਟੀ ਦੌਰਾਨ ਸਰਕਾਰੀ ਬੱਸਾਂ ਦਾ ਟਾਈਮ ਟੇਬਲ ਪ੍ਰਾਈਵੇਟ ਬੱਸਾਂ ਨੂੰ ਦੇ ਰਹੇ ਸਨ ਅਤੇ ਬਦਲੇ ਵਿੱਚ ਹਫ਼ਤਾਵਾਰੀ ਅਤੇ ਮਾਸਿਕ ਤੌਰ ’ਤੇ ਰਿਸ਼ਵਤ ਵਜੋਂ ਪੈਸੇ ਵਸੂਲ ਰਹੇ ਸਨ।
ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਦੇ ਐਸਐਸਪੀ ਵਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਪਿਛਲੇ ਸਾਲ 31 ਅਪ੍ਰੈਲ 2021 ਨੂੰ ਕੇਸ ਦਰਜ ਕੀਤਾ ਗਿਆ ਸੀ। ਪਠਾਨਕੋਟ ਵਿੱਚ ਰਹਿ ਰਹੇ ਪੰਜਾਬ ਰੋਡਵੇਜ਼ ਦੇ ਸਾਬਕਾ ਇੰਸਪੈਕਟਰ ਰਾਜ ਕੁਮਾਰ ਰਾਜੂ ਸੇਵਾਮੁਕਤੀ ਤੋਂ ਪਹਿਲਾਂ ਅੰਮ੍ਰਿਤਸਰ ਡਿਪੂ-2 ਵਿੱਚ ਤਾਇਨਾਤ ਸਨ। ਇਸੇ ਤਰ੍ਹਾਂ ਹੁਸ਼ਿਆਰਪੁਰ ਦਾ ਰਹਿਣ ਵਾਲਾ ਤਰਸੇਮ ਸਿੰਘ ਜਲੰਧਰ ਦੇ ਡਿਪੂ-1 ਵਿੱਚ ਤਾਇਨਾਤ ਸੀ। ਰਾਜ ਕੁਮਾਰ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਤਰਸੇਮ ਸਿੰਘ ਨੂੰ ਉਸ ਦੇ ਭਰਾ ਗੁਰਮੀਤ ਸਿੰਘ ਨੇ ਪੁਲੀਸ ਹਵਾਲੇ ਕਰ ਦਿੱਤਾ।
ਸਰਕਾਰੀ ਬੱਸਾਂ ਦਾ ਟਾਈਮ ਟੇਬਲ ਵੇਚ ਕੇ ਕਮਾ ਰਹੇ ਸੀ ਪੈਸੇ
ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਮੁਲਜ਼ਮ ਆਪਣੀ ਡਿਊਟੀ ਦੌਰਾਨ ਸਰਕਾਰੀ ਬੱਸਾਂ ਦਾ ਟਾਈਮ ਟੇਬਲ ਬਣਾ ਕੇ ਵੇਚ ਰਹੇ ਸਨ। ਕਈ ਵਾਰ ਹਫ਼ਤੇ ਜਾਂ ਮਹੀਨੇ ਦੇ ਹਿਸਾਬ ਨਾਲ ਦੋਵੇਂ ਮੁਲਜ਼ਮ ਰਿਸ਼ਵਤ ਲੈ ਰਹੇ ਸਨ। ਉਨ੍ਹਾਂ ਦੇ ਸੇਵਾਮੁਕਤ ਹੋਣ ਤੋਂ ਬਾਅਦ ਇਹ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਆਇਆ ਅਤੇ ਦੋਵਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਪਰ ਉਦੋਂ ਤੋਂ ਹੀ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ। ਡੀਏਪੀ ਨਿਰਮਲ ਸਿੰਘ ਨੇ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।