ਫਾਜ਼ਿਲਕਾ : ਮਾਰਚ ਮਹੀਨੇ ਜਿ਼ਲ੍ਹੇ ਦੇ ਪਿੰਡ ਬਕੈਣਵਾਲਾ 'ਚ ਟਾਰਨੇਡੋ ਤੁਫਾਨ ਨੇ ਵੱਡੀ ਤਬਾਹੀ ਮਚਾਈ ਸੀ ਤਾਂ ਉਦੋਂ ਸਰਕਾਰ ਦੇ ਨਾਲ-ਨਾਲ ਵੱਖ ਵੱਖ ਸਮਾਜ ਸੇਵੀਆਂ ਅਤੇ ਹੋਰ ਪਿੰਡਾਂ ਦੇ ਲੋਕਾਂ ਨੇ ਵੀ ਇਸ ਪਿੰਡ ਦੇ ਲੋਕਾਂ ਲਈ ਮਦਦ ਦਾ ਹੱਥ ਵਧਾਇਆ ਸੀ। ਅੱਜ ਹੁਣ ਜਦ ਫਾਜਿ਼ਲਕਾ ਦੇ ਸਰਹੱਦੀ ਪਿੰਡਾਂ ਵਿਚ ਹੜ੍ਹ ਵਰਗੇ ਹਾਲਾਤ ਬਣੇ ਤਾਂ ਇਸ ਪਿੰਡ ਦੇ ਲੋਕਾਂ ਨੇ ਮਾਨਵਤਾ ਦਾ ਸਬੂਤ ਦਿੰਦੀਆਂ ਆਪਣੇ ਪਿੰਡੋਂ ਦੋ ਪਿੱਕਅੱਪ ਹਰੇ ਚਾਰੇ ਦੀ ਭਰਕੇ ਲਿਆ ਕੇ ਪ੍ਰਭਾਵਿਤ ਪਿੰਡਾਂ ਵਿਚ ਵੰਡੀ।
ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਹੁਣ ਮਦਦ ਕਰਨ ਦੀ ਸਾਡੀ ਵਾਰੀ ਹੈ ਕਿਉਂਕਿ ਸਾਡੇ ਮਾੜੇ ਸਮੇਂ ਵਿਚ ਲੋਕਾਂ ਸਾਡੀ ਮਦਦ ਕੀਤੀ ਸੀ ਅਤੇ ਅੱਜ ਅਸੀਂ ਸਾਡੇ ਸਿਰ ਚੜੇ ਕਰਜ ਦਾ ਭਾਰ ਆਪਣੇ ਪਿੰਡੋਂ ਮਦਦ ਭੇਜ਼ ਉਤਾਰ ਰਹੇ ਹਾਂ।
ਸਤਲੁਜ ਦੇ ਪਾਰ ਦੇ ਪਿੰਡ ਜਿੱਥੇ ਖੇਤਾਂ ਵਿਚ ਮੀਂਹ ਦਾ ਪਾਣੀ ਭਰ ਗਿਆ ਹੈ, ਵਿਚ ਸਰਕਾਰ ਵੱਲੋਂ ਮਨੁੱਖਾਂ ਦੇ ਨਾਲ ਨਾਲ ਜਾਨਵਰਾਂ ਦੀ ਮਦਦ ਲਈ ਵੀ ਉਪਰਾਲੇ ਆਰੰਭੇ ਗਏ ਹਨ। ਜਿੰਨ੍ਹਾਂ ਖੇਤਾਂ ਵਿਚ ਪਾਣੀ ਭਰ ਗਿਆ ਉਥੇ ਖੜੇ ਹਰੇ ਚਾਰੇ ਦੀ ਕਟਾਈ ਸੰਭਵ ਨਹੀਂ ਰਹੀ ਹੈ ਉਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਲਗਾਤਾਰ ਪਸ਼ੂ ਪਾਲਕਾਂ ਨੂੰ ਹਰਾ ਚਾਰਾ ਮੁਹਈਆ ਕਰਵਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦਿੱਤੀ। ਉਨ੍ਹਾਂ ਨੇ ਆਪ ਵੱਖ ਵੱਖ ਪਿੰਡਾਂ ਵਿਚ ਆਪ ਜਾ ਕੇ ਹਰਾ ਚਾਰਾ ਵੰਡਵਾਇਆ। ਹਰੇ ਚਾਰੇ ਦੀ ਵੰਡ ਜਿ਼ੱਥੇ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਉਥੇ ਬਹੁਤ ਸਾਰੇ ਹੋਰ ਆਸ ਪਾਸ ਦੇ ਪਿੰਡਾਂ ਤੋਂ ਵੀ ਕਿਸਾਨ ਵੀਰ ਮਦਦ ਲਈ ਹਰਾ ਚਾਰਾ ਲੈ ਕੇ ਪੁੱਜੇ ਹਨ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੀ ਇੰਨ੍ਹਾਂ ਪਿੰਡਾਂ ਵਿਚ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਬਿਮਾਰ ਪਸੂਆਂ ਦਾ ਨਾਲੋ ਨਾਲ ਇਲਾਜ ਕੀਤਾ ਜਾ ਰਿਹਾ ਹੈ। ਪਸ਼ੂਆਂ ਦੇ ਇਲਾਜ ਲਈ ਫੌਰੀ ਜਰੂਰਤ ਲਈ ਸਰਕਾਰ ਵੱਲੋਂ 50 ਹਜਾਰ ਰੁਪਏ ਦਵਾਈਆਂ ਦੀ ਖਰੀਦ ਲਈ ਭੇਜੇ ਗਏ ਸਨ ਜਿਸ ਨਾਲ ਵਿਭਾਗ ਨੇ ਦਵਾਈ ਦੀ ਖਰੀਦ ਕਰਕੇ ਇਲਾਕੇ ਵਿਚ ਭੇਜ਼ ਦਿੱਤੀ ਹੈ ਜਦ ਕਿ 50 ਹਜਾਰ ਰੁਪਏ ਹੋਰ ਦਵਾਈ ਲਈ ਸਰਕਾਰ ਨੇ ਜਿ਼ਲ੍ਹੇ ਨੂੰ ਭੇਜੇ ਹਨ।
ਪਸੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਇਸਤੋਂ ਪਹਿਲਾਂ ਖਤਰੇ ਵਾਲੇ ਪਿੰਡਾਂ ਵਿਚ ਗਲਘੋਟੂ ਰੋਕੂ ਵੈਕਸੀਨ ਪਹਿਲਾਂ ਹੀ ਜਾਨਵਰਾਂ ਨੂੰ ਲਗਾ ਦਿੱਤੀ ਸੀ।