Punjab Weather : ਪੰਜਾਬ 'ਚ ਐਤਵਾਰ ਸਵੇਰੇ ਇਕ ਵਾਰ ਫਿਰ ਧੁੰਦ ਦੇਖਣ ਨੂੰ ਮਿਲੀ। ਜ਼ਿਆਦਾਤਰ ਇਲਾਕਿਆਂ ਵਿਚ ਪਿਛਲੇ ਤਿੰਨ ਦਿਨਾਂ ਤੋਂ ਬਾਅਦ ਦੁਪਹਿਰ ਬਾਅਦ ਹਲਕੀ ਧੁੱਪ ਨਿਕਲੀ। ਇਸ ਕਾਰਨ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 'ਚ ਵਾਧਾ ਹੋਇਆ ਪਰ ਐਤਵਾਰ ਸਵੇਰੇ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਅੰਦਾਜ਼ਾ ਹੈ ਕਿ ਐਤਵਾਰ ਨੂੰ ਧੁੰਦ ਦਾ ਹੀ ਅਸਰ ਰਹੇਗਾ ਅਤੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸ਼ਾਇਦ ਹੀ ਧੁੱਪ ਨਿਕਲੇ। ਧੁੰਦ ਤੇ ਠੰਢ ਵਧਣ ਕਾਰਨ ਲੋਕ ਆਪਣੇ ਘਰਾਂ 'ਚ ਬੰਦ ਹੋ ਗਏ ਹਨ। ਹਰ ਕੋਈ ਠੰਢ ਤੋਂ ਬਚਣ ਲਈ ਨਵੇੇਂ-ਨਵੇਂ ਤਰੀਕੇ ਅਪਣਾ ਰਿਹਾ ਹੈ। ਧੁੱਪ ਨਾ ਨਿਕਲਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 


ਕੰਮਾਂ-ਕਾਰਾਂ 'ਤੇ ਜਾਣ ਵਾਲੇ ਲੋਕਾਂ ਨੂੰ ਵੀ ਆਉਣ-ਜਾਣ 'ਚ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਵਾਜਾਈ ਦੀ ਰਫ਼ਤਾਰ ਵੀ ਹੌਲੀ ਹੋ ਗਈ ਹੈ। ਇਸਤੋਂ ਇਲਾਵਾ ਪਿਛਲੇ ਕੁਝ ਦਿਨਾਂ ਤੋਂ ਅਚਾਨਕ ਠੰਢ ਵੱਧਣ ਕਾਰਨ ਹਾਦਸਿਆਂ ਦੀਆਂ ਵੀ ਕਾਫੀ ਖ਼ਬਰਾਂ ਸੁਣਨ ਨੂੰ ਮਿਲੀਆਂ। ਹਾਲੇ ਆਉਣ ਵਾਲੇ ਦਿਨਾਂ 'ਚ ਠੰਢ ਤੋਂ ਕੋਈ ਰਾਹਤ ਨਾ ਮਿਲਣ ਦੀ ਉਮੀਦ ਹੈ। ਇਸ ਲਈ ਆਪਣੀ ਸਿਹਤ ਦਾ ਖ਼ਿਆਲ ਰੱਖਣਾ ਬਹਤੁ ਜ਼ਰੂਰੀ ਹੈ, ਕਿਉਂਕਿ ਕੋਰੋਨਾ ਨੇ ਵੀ ਇਕ ਵਾਰ ਫਿਰ ਰਫ਼ਤਾਰ ਫੜ ਲਈ ਹੈ। ਇਸ ਲਈ ਧਿਆਨ ਰੱਖਣਾ ਜ਼ਰੂਰੀ ਹੈ।


ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਠੰਡ ਵਧਣ ਦੀ ਸੰਭਾਵਨਾ ਹੈ। ਜਿੱਥੇ ਐਤਵਾਰ ਨੂੰ ਪੰਜਾਬ ਨੂੰ ਆਰੇਂਜ ਅਲਰਟ 'ਤੇ ਰੱਖਿਆ ਗਿਆ ਹੈ, ਉਥੇ ਹੀ ਅਗਲੇ ਚਾਰ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਬਹੁਤੇ ਸ਼ਹਿਰਾਂ ਵਿੱਚ ਇਸ ਦਸੰਬਰ ਮਹੀਨੇ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਠੰਢ ਪਈ ਹੈ।


ਜਦੋਂ ਕਿ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 25 ਦਸੰਬਰ ਦੇ ਆਸ-ਪਾਸ 1 ਜਾਂ ਜ਼ੀਰੋ ਨੂੰ ਛੂਹ ਜਾਂਦਾ ਹੈ, ਪਰ ਇਸ ਸਾਲ ਇਹ 4 ਤੋਂ 6 ਡਿਗਰੀ ਦੇ ਵਿਚਕਾਰ ਹੈ।


ਲੁਧਿਆਣਾ ਦੀ ਗੱਲ ਕਰੀਏ ਤਾਂ ਦਸੰਬਰ ਦੇ ਆਖਰੀ ਦਿਨਾਂ ਵਿੱਚ ਇੱਥੇ ਤਾਪਮਾਨ 0.5 ਤੋਂ 2 ਡਿਗਰੀ ਦੇ ਵਿਚਕਾਰ ਰਹਿੰਦਾ ਹੈ। ਪਰ ਇਸ ਸਾਲ ਇਹ ਤਾਪਮਾਨ 4 ਡਿਗਰੀ ਤੋਂ ਵੱਧ ਦਰਜ ਕੀਤਾ ਜਾ ਰਿਹਾ ਹੈ।


ਪਿਛਲੇ ਸਾਲ ਜਲੰਧਰ ਵਿੱਚ ਵੀ ਅਜਿਹਾ ਹੀ ਹੋਇਆ ਜਿੱਥੇ ਤਾਪਮਾਨ 1 ਤੋਂ 2 ਡਿਗਰੀ ਦੇ ਵਿਚਕਾਰ ਰਿਹਾ। ਇਸ ਦੇ ਨਾਲ ਹੀ ਇਸ ਸਾਲ ਇੱਥੇ ਤਾਪਮਾਨ ਵੀ 4 ਡਿਗਰੀ ਦੇ ਨੇੜੇ ਦਰਜ ਕੀਤਾ ਜਾ ਰਿਹਾ ਹੈ।