Punjab Weather Update: ਪੰਜਾਬ 'ਚ ਗਰਮੀ ਦਾ ਕਹਿਰ ਜਾਰੀ ਹੈ। ਸੂਬੇ ਵਿੱਚ ਲਗਾਤਾਰ ਆਸਮਾਨੋਂ ਅੱਗ ਵਰ੍ਹ ਰਹੀ ਹੈ। ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਨੇ ਪਿਛਲੇ 65 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਸੂਬੇ ਵਿੱਚ ਪਠਾਨਕੋਟ 47.8 ਡਿਗਰੀ 'ਤੇ ਸਭ ਤੋਂ ਗਰਮ ਰਿਹਾ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 5.6 ਡਿਗਰੀ ਵੱਧ ਰਿਹਾ। ਇਸ ਤੋਂ ਪਹਿਲਾਂ 1958 ਵਿੱਚ ਲੁਧਿਆਣਾ ਅੰਦਰ 17 ਜੂਨ ਨੂੰ ਵੱਧ ਤੋਂ ਵੱਧ ਤਾਪਮਾਨ 47.9 ਡਿਗਰੀ ਦਰਜ ਕੀਤਾ ਗਿਆ ਸੀ। 



ਉਧਰ, ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਲਈ ਹੀਟਵੇਟ ਦਾ ਔਰੇਂਜ ਅਲਰਟ ਵੀ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਹਲਕੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ ਪਰ ਇਸ ਨਾਲ ਤਾਪਮਾਨ 'ਤੇ ਕੋਈ ਅਸਰ ਨਹੀਂ ਹੋਵੇਗਾ। ਇਸ ਲਈ ਫਿਲਹਾਲ ਕੜਾਕੇ ਦੀ ਗਰਮੀ ਤੋਂ ਰਾਹਤ ਨਹੀਂ ਮਿਲੇਗੀ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਤੇ ਮਾਨਸਾ ਜ਼ਿਲ੍ਹੇ ਸ਼ਾਮਲ ਹਨ।


ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 45.2 ਡਿਗਰੀ (ਆਮ ਨਾਲੋਂ 5.6 ਡਿਗਰੀ ਵੱਧ), ਲੁਧਿਆਣਾ ਵਿੱਚ 45.1 ਡਿਗਰੀ (ਆਮ ਨਾਲੋਂ 6.8 ਡਿਗਰੀ ਵੱਧ), ਪਟਿਆਲਾ ਵਿੱਚ 45.6 ਡਿਗਰੀ (ਆਮ ਨਾਲੋਂ 6.4 ਡਿਗਰੀ ਵੱਧ), ਪਠਾਨਕੋਟ ਵਿੱਚ 46.1, ਬਠਿੰਡਾ 44.0, ਬਰਨਾਲਾ ਵਿੱਚ 44.5, ਫ਼ਰੀਦਕੋਟ ਵਿੱਚ 46.1ਡਿਗਰੀ, ਜਲੰਧਰ ਵਿੱਚ 43.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 


ਦੂਜੇ ਪਾਸੇ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.9 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਸ ਕਾਰਨ ਪਾਰਾ ਆਮ ਨਾਲੋਂ ਦੋ ਡਿਗਰੀ ਵੱਧ ਗਿਆ ਹੈ। ਅੰਮ੍ਰਿਤਸਰ 'ਚ ਘੱਟੋ-ਘੱਟ ਤਾਪਮਾਨ 28.9 ਡਿਗਰੀ, ਲੁਧਿਆਣਾ 'ਚ 28.8, ਪਟਿਆਲਾ 'ਚ 28.3, ਪਠਾਨਕੋਟ 'ਚ 27.4, ਬਠਿੰਡਾ 'ਚ 28.4 ਤੇ ਜਲੰਧਰ 'ਚ 26.7 ਡਿਗਰੀ ਦਰਜ ਕੀਤਾ ਗਿਆ।



ਮੌਸਮ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਪੰਜਾਬ ਵਿੱਚ 7 ​​ਜੂਨ ਤੋਂ ਵੀਰਵਾਰ ਤੱਕ ਆਮ ਨਾਲੋਂ 96 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਇੱਥੇ ਆਮ ਬਾਰਸ਼ 10.4 ਮਿਲੀਮੀਟਰ ਦੇ ਮੁਕਾਬਲੇ 0.5 ਮਿਲੀਮੀਟਰ ਬਾਰਸ਼ ਹੋਈ ਹੈ। ਖਾਸ ਕਰਕੇ ਬਰਨਾਲਾ, ਫਤਹਿਗੜ੍ਹ ਸਾਹਿਬ, ਫ਼ਿਰੋਜ਼ਪੁਰ, ਜਲੰਧਰ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਰੂਪਨਗਰ, ਮੁਹਾਲੀ ਤੇ ਐਸਬੀਐਸ ਨਗਰ ਪੂਰੀ ਤਰ੍ਹਾਂ ਸੁੱਕੇ ਰਹੇ। ਮੌਸਮ ਵਿਭਾਗ ਨੇ ਆਉਣ ਵਾਲੇ ਦੋ ਹਫ਼ਤਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।


heat wave in india