Punjab weather update: ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਜਾਰੀ ਹੈ। ਕਈ ਜ਼ਿਲ੍ਹਿਆਂ ਅੰਦਰ ਅਜੇ ਵੀ ਪਾਣੀ ਤਬਾਹੀ ਮਚਾ ਰਿਹਾ ਹੈ। ਹੁਣ ਹੜ੍ਹ ਦੀ ਮਾਰ ਸਰਹੱਦੀ ਪਿੰਡਾਂ ਨੂੰ ਪੈ ਰਹੀ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਨਾਲ ਹੜ੍ਹਾਂ ਮਾਰੇ ਜ਼ਿਲ੍ਹਿਆਂ ਅੰਦਰ ਸਮੱਸਿਆ ਹੋਰ ਵਧ ਸਕਦੀ ਹੈ। 


ਮੌਸਮ ਵਿਭਾਗ ਮੁਤਾਬਕ ਫਿਰੋਜ਼ਪੁਰ, ਮੋਗਾ, ਮਾਨਸਾ, ਬਰਨਾਲਾ ਤੇ ਸੰਗਰੂਰ ਵਿੱਚ ਅਗਲੇ ਤਿੰਨ ਘੰਟਿਆਂ ਦੌਰਾਨ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਿਮਾਚਲ 'ਚ ਫਿਰ ਤੋਂ ਬਾਰਸ਼ ਹੋਣ ਦੀ ਸੰਭਾਵਨਾ ਹੈ। ਅਹਿਮ ਗੱਲ ਹੈ ਕਿ ਇਹ ਬਾਰਸ਼ ਆਮ ਹੁੰਦੀ ਹੈ ਤਾਂ ਸਭ ਕੁਝ ਕੰਟਰੋਲ ਹੇਠ ਹੀ ਰਹੇਗਾ ਪਰ ਜੇ ਬਾਰਸ਼ ਜ਼ਿਆਦਾ ਹੋਈ ਤਾਂ ਹਿਮਾਚਲ ਦੇ ਨਾਲ-ਨਾਲ ਪੰਜਾਬ ਵਿੱਚ ਵੀ ਇੱਕ ਵਾਰ ਫਿਰ ਹਾਲਾਤ ਖਰਾਬ ਹੋ ਸਕਦੇ ਹਨ।


ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ 50 ਫੀਸਦੀ ਤੇ ਬਾਕੀ ਪੰਜਾਬ ਵਿੱਚ 30 ਤੋਂ 50 ਫੀਸਦੀ ਹੈ। ਉਧਰ, ਭਾਖੜਾ ਡੈਮ 'ਚ ਵੀਰਵਾਰ ਨੂੰ ਪਾਣੀ ਦਾ ਪੱਧਰ 1631.18 ਫੁੱਟ ਤੱਕ ਪਹੁੰਚ ਗਿਆ। ਇਹ ਪਿਛਲੇ ਸਮੇਂ ਦੇ ਮੁਕਾਬਲੇ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। 



ਭਾਖੜਾ ਡੈਮ ਮੈਨੇਜਮੈਂਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡੈਮ ਦੀ ਵੱਧ ਤੋਂ ਵੱਧ ਸਟੋਰੇਜ ਸਮਰੱਥਾ 1680 ਫੁੱਟ ਹੈ ਪਰ ਫਲੱਡ ਗੇਟ 1645 ਫੁੱਟ ’ਤੇ ਖੋਲ੍ਹ ਦਿੱਤੇ ਜਾਂਦੇ ਹਨ। ਜੇਕਰ ਪਾਣੀ ਦਾ ਪੱਧਰ 1645 ਤੋਂ ਪਾਰ ਪਹੁੰਚ ਜਾਂਦਾ ਹੈ ਤਾਂ ਸਥਿਤੀ ਤੇ ਪਾਣੀ ਦੇ ਇਨਪੁਟ ਦੇ ਆਧਾਰ 'ਤੇ ਗੇਟ ਖੋਲ੍ਹਣੇ ਪੈ ਸਕਦੇ ਹਨ ਜਿਸ ਦਾ ਸਿੱਧਾ ਅਸਰ ਪੰਜਾਬ 'ਤੇ ਪਵੇਗਾ।



ਉਂਝ ਮਾਝੇ ਲਈ ਰਾਹਤ ਦੀ ਖ਼ਬਰ ਹੈ ਕਿ ਇੱਥੋਂ ਦੀਆਂ ਪ੍ਰਮੁੱਖ ਨਦੀਆਂ ਬਿਆਸ ਤੇ ਰਾਵੀ ਵਿੱਚ ਪਾਣੀ ਦਾ ਪੱਧਰ ਬਹੁਤ ਨੀਵਾਂ ਹੈ। ਅੰਮ੍ਰਿਤਸਰ ਦੇ ਡੀਸੀ ਨੇ ਦੱਸਿਆ ਕਿ ਇਸ ਸਮੇਂ ਰਾਵੀ ਵਿੱਚ 27 ਹਜ਼ਾਰ ਕਿਊਸਿਕ ਪਾਣੀ ਵਗ ਰਿਹਾ ਹੈ, ਜਦੋਂਕਿ ਬਿਆਸ ਵਿੱਚ 24 ਹਜ਼ਾਰ ਕਿਊਸਿਕ ਪਾਣੀ ਵਹਿ ਰਿਹਾ ਹੈ। ਇਹ ਦੋਵੇਂ ਨਦੀਆਂ 3 ਲੱਖ ਕਿਊਸਿਕ ਪਾਣੀ ਆਸਾਨੀ ਨਾਲ ਸੰਭਾਲ ਸਕਦੀਆਂ ਹਨ। ਜੇਕਰ ਆਉਣ ਵਾਲੇ ਦਿਨਾਂ 'ਚ ਪਹਾੜਾਂ ਤੋਂ ਇਸ ਪਾਸੇ ਪਾਣੀ ਆਉਂਦਾ ਹੈ ਤਾਂ ਵੀ ਇਸ ਨਾਲ ਲੋਕਾਂ ਦੀ ਜਾਨ-ਮਾਲ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਵੇਗਾ।