Punjab Weather Update: ਪੰਜਾਬ ਵਿੱਚ ਇੱਕ ਵਾਰ ਫਿਰ ਮੌਸਮ ਬਦਲਣ ਵਾਲਾ ਹੈ। ਮੌਸਮ ਵਿਭਾਗ ਵੱਲੋਂ 11 ਮਾਰਚ ਨੂੰ 7 ਜ਼ਿਲ੍ਹਿਆਂ ਲਈ ਤੇ 13 ਮਾਰਚ ਨੂੰ ਪੂਰੇ ਸੂਬੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਬਾਰਸ਼ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਇਹ ਸਥਿਤੀ ਪੈਦਾ ਹੋਵੇਗੀ। 


ਇਸ ਦੌਰਾਨ ਤਾਪਮਾਨ ਵਿੱਚ ਵੀ ਗਿਰਾਵਟ ਆਵੇਗੀ। ਹਾਲਾਂਕਿ, ਅੱਜ ਦੇ ਦਿਨ ਲਈ ਮੌਸਮ ਦੀ ਕੋਈ ਚਿਤਾਵਨੀ ਨਹੀਂ ਹੈ। ਉਮੀਦ ਹੈ ਕਿ ਦਿਨ ਵੇਲੇ ਮੌਸਮ ਸਾਫ ਰਹੇਗਾ। ਹਾਲਾਂਕਿ ਰਾਤ ਤੋਂ ਬਾਅਦ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ ਤੇ ਅਗਲੇ ਤਿੰਨ ਦਿਨ ਬਾਰਸ਼ ਦੇ ਆਸਾਰ ਰਹਿਣਗੇ। ਉਧਰ, ਬਾਰਸ਼ ਨਾਲ ਫਸਲਾਂ ਦਾ ਨੁਕਸਾਨ ਹੋ ਸਕਦਾ ਹੈ।




ਮੌਸਮ ਵਿਭਾਗ ਨੇ 11 ਮਾਰਚ ਨੂੰ 7 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਤੇ ਜਲੰਧਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ 13 ਮਾਰਚ ਨੂੰ 23 ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਮਾਨਸਾ, ਬਰਨਾਲਾ, ਮੁਕਤਸਰ ਤੇ ਮੋਗਾ ਵਿੱਚ ਤੇਜ਼ ਹਵਾਵਾਂ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਮੌਸਮ ਵਿੱਚ ਆਏ ਅਜਿਹੇ ਬਦਲਾਅ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਹਾਲ ਹੀ ਵਿੱਚ ਕਈ ਜ਼ਿਲ੍ਹਿਆਂ ਵਿੱਚ ਗੜੇਮਾਰੀ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਸੀ।


ਮੌਸਮ ਵਿਭਾਗ ਮੁਤਾਬਕ ਸੂਬੇ 'ਚ ਵੱਧ ਤੋਂ ਵੱਧ ਤਾਪਮਾਨ 'ਚ 1.5 ਫੀਸਦੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਇਹ ਆਮ ਦੇ ਨੇੜੇ ਹੈ। ਇਸ ਦੌਰਾਨ ਪਟਿਆਲਾ ਵਿੱਚ ਸਭ ਤੋਂ ਵੱਧ ਤਾਪਮਾਨ 27.0 ਡਿਗਰੀ ਦਰਜ ਕੀਤਾ ਗਿਆ। ਜਦੋਂਕਿ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 26.2, ਲੁਧਿਆਣਾ ਵਿੱਚ 25.6, ਪਠਾਨਕੋਟ ਵਿੱਚ 26.6 ਤੇ ਮੁਹਾਲੀ ਵਿੱਚ 25.6 ਡਿਗਰੀ ਦਰਜ ਕੀਤਾ ਗਿਆ ਹੈ।


ਉਧਰ, ਹੁਣ ਘੱਟੋ-ਘੱਟ ਤਾਪਮਾਨ ਵੀ ਵਧਣਾ ਸ਼ੁਰੂ ਹੋ ਗਿਆ ਹੈ। ਘੱਟੋ-ਘੱਟ ਤਾਪਮਾਨ ਵਿੱਚ ਵੀ 0.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸਭ ਤੋਂ ਘੱਟ ਤਾਪਮਾਨ ਫ਼ਿਰੋਜ਼ਪੁਰ ਵਿੱਚ ਦਰਜ ਕੀਤਾ ਗਿਆ ਹੈ। ਜਦੋਂਕਿ ਗੁਰਦਾਸਪੁਰ ਦਾ 7.4 ਡਿਗਰੀ, ਰੋਪੜ ਦਾ 7.8 ਡਿਗਰੀ, ਅੰਮ੍ਰਿਤਸਰ ਦਾ 11.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ। 


ਮੌਸਮ ਵਿਭਾਗ ਮੁਤਾਬਕ ਪੰਜਾਬ ਦੇ 16 ਜ਼ਿਲ੍ਹੇ ਅਜਿਹੇ ਹਨ ਜਿੱਥੇ ਘੱਟੋ-ਘੱਟ ਤਾਪਮਾਨ 10.0 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ। ਇਨ੍ਹਾਂ ਜ਼ਿਲ੍ਹਿਆਂ ਵਿੱਚ ਰੋਪੜ, ਮੋਗਾ, ਲੁਧਿਆਣਾ, ਗੁਰਦਾਸਪੁਰ, ਨੂਰਮਹਿਲ, ਜਲੰਧਰ, ਫ਼ਿਰੋਜ਼ਪੁਰ, ਬਰਨਾਲਾ, ਐਸਬੀਐਸ ਨਗਰ, ਫ਼ਰੀਦਕੋਟ, ਪਠਾਨਕੋਟ ਤੇ ਅੰਮ੍ਰਿਤਸਰ ਸ਼ਾਮਲ ਹਨ। ਕਈ ਜ਼ਿਲ੍ਹਿਆਂ ਵਿੱਚ ਇੱਕ-ਦੋ ਥਾਵਾਂ ’ਤੇ ਤਾਪਮਾਨ ਘੱਟ ਰਿਹਾ ਹੈ।