ਸ਼ੰਕਰ ਦਾਸ ਦੀ ਰਿਪੋਰਟ 

 

ਚੰਡੀਗੜ੍ਹ : ਪੰਜਾਬੀ ਫ਼ਿਲਮ ਅਦਾਕਾਰ ਦੀਪ ਸਿੱਧੂ (Deep Sidhu dies )  ਦੀ ਇੱਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਇਹ ਹਾਦਸਾ ਕੁੰਡਲੀ ਮਾਨੇਸਰ ਭਾਵ ਕੇਐਮਪੀਐਲ ਹਾਈਵੇਅ ਨੇੜੇ ਵਾਪਰਿਆ ਹੈ। ਦੀਪ ਸਿੱਧੂ ਆਪਣੇ ਸਾਥੀਆਂ ਨਾਲ ਦਿੱਲੀ ਤੋਂ ਪੰਜਾਬ ਪਰਤ ਰਿਹਾ ਸੀ। ਦੀਪ ਸਿੱਧੂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ( Famers Protest ) ਦੌਰਾਨ ਸੁਰਖੀਆਂ ਵਿੱਚ ਆਇਆ ਸੀ। ਲਾਲ ਕਿਲ੍ਹੇ ਵਿੱਚ ਹੋਈ ਹਿੰਸਾ ਵਿੱਚ ਵੀ ਉਸ ਨੂੰ ਮੁਲਜ਼ਮ ਬਣਾਇਆ ਗਿਆ ਸੀ। ਇਸ ਮਾਮਲੇ ਵਿੱਚ ਦੀਪ ਸਿੱਧੂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।

 

ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿੱਚ ਅਪ੍ਰੈਲ 1984 ਨੂੰ ਜਨਮੇ ਦੀਪ ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ।  ਦੀਪ ਸਿੱਧੂ ਨੇ ਲਾਅ ਦੀ ਪੜ੍ਹਾਈ ਵੀ ਕੀਤੀ ਹੋਈ ਹੈ। ਉਹ ਕਿੰਗਫਿਸ਼ਰ ਮਾਡਲ ਹੰਟ ਦਾ ਜੇਤੂ ਸੀ। ਮਿਸਟਰ ਇੰਡੀਆ ਮੁਕਾਬਲੇ ਵਿੱਚ ਮਿਸਟਰ ਪਰਸਨੈਲਿਟੀ ਦਾ ਖਿਤਾਬ ਵੀ ਜਿੱਤਿਆ ਸੀ। 

 

ਉਸ ਦੀ ਪਹਿਲੀ ਪੰਜਾਬੀ ਫਿਲਮ 'ਰਮਤਾ ਜੋਗੀ' ਸਾਲ 2015 'ਚ ਰਿਲੀਜ਼ ਹੋਈ ਸੀ। ਹਾਲਾਂਕਿ ਦੀਪ ਨੇ 2018 ਦੀ ਫਿਲਮ ਜੋਰਾ ਦਾਸ ਨੰਬਰੀਆ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ, ਜਿਸ ਵਿੱਚ ਉਸਨੇ ਇੱਕ ਗੈਂਗਸਟਰ ਦੀ ਭੂਮਿਕਾ ਨਿਭਾਈ।ਦੱਸ ਦੇਈਏ ਕਿ ਦੀਪ ਸਿੱਧੂ ਕਈ ਪੰਜਾਬੀ ਫਿਲਮਾਂ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕਾ ਸੀ । ਦੀਪ ਸਿੱਧੂ ਨੇ ਲੋਕ ਸਭਾ ਚੋਣਾਂ ਵਿਚ ਸੰਨੀ ਦਿਓਲ ਨੂੰ ਜਿਤਾਉਣ ਵਿਚ ਦਿਨ ਰਾਤ ਇਕ ਕੀਤੀ ਸੀ ।