Punjab News: ਅੱਜ 1 ਨਵੰਬਰ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਨਾਲ-ਨਾਲ ਪੰਜਾਬ ਭਰ ਵਿੱਚ ਪੰਜਾਬੀ ਸੂਬਾ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ 1966 ਵਿੱਚ ਪੰਜਾਬੀ ਸੂਬੇ ਦੇ ਹੋਂਦ ਵਿਚ ਆਉਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਜਦੋਂ ਭਾਸ਼ਾ ਦੇ ਆਧਾਰ 'ਤੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੱਖ ਹੋਏ ਤਾਂ ਪੰਜਾਬ ਨੂੰ ਵੱਖ ਕਰ ਦਿੱਤਾ ਗਿਆ।


ਇਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨਾਲ ਆਜ਼ਾਦੀ ਤੋਂ ਪਹਿਲਾਂ ਕਾਂਗਰਸੀ ਨੇਤਾਵਾਂ ਨੇ ਅਨੇਕਾਂ ਵਾਅਦੇ ਕੀਤੇ ਸਨ ਪਰ ਦੇਸ਼ ਆਜ਼ਾਦ ਹੁੰਦਿਆਂ ਹੀ ਕਾਂਗਰਸੀ ਨੇਤਾਵਾਂ ਨੇ ਉਹਨਾਂ ਵਾਅਦਿਆਂ ਤੋਂ ਅੱਖਾਂ ਫੇਰ ਲਈਆਂ । ਇਹਨਾਂ ਜ਼ਿਆਦਤੀਆਂ ਦੇ ਰੋਹ ‘ਚੋਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਮਾਂ ਬੋਲੀ ਪੰਜਾਬੀ ਭਾਸ਼ਾ ਦੇ ਆਧਾਰ 'ਤੇ ‘ਪੰਜਾਬੀ ਸੂਬੇ’ ਦੀ ਮੰਗ ਨਿਕਲ ਕੇ ਸਾਹਮਣੇ ਆਈ, ਜਿਸ ਦੇ ਲਈ ਹਜ਼ਾਰਾਂ ਅਕਾਲੀ ਆਗੂਆਂ ਨੇ ਕੇਂਦਰੀ ਹਕੂਮਤ ਦਾ ਤਸ਼ੱਦਦ ਸਹਿੰਦਿਆਂ ਜੇਲ੍ਹਾਂ ਕੱਟੀਆਂ, ਧਰਨੇ ਲਗਾਏ ਤੇ ਹਰ ਪ੍ਰਕਾਰ ਦੇ ਜ਼ਬਰ ਦਾ ਟਾਕਰਾ ਕੀਤਾ ।






ਆਖਰਕਾਰ ਲੰਮੇ ਸੰਘਰਸ਼ ਤੇ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਪਹਿਲੀ ਨਵੰਬਰ 1966 ਨੂੰ ‘ਪੰਜਾਬੀ ਸੂਬੇ’ ਦਾ ਗਠਨ ਹੋਇਆ । ਪੰਜਾਬ ਨਾਲ ਕੇਂਦਰੀ ਹਕੂਮਤ ਦਾ ਵਿਤਕਰਾ ਲਗਾਤਾਰ ਜਾਰੀ ਹੈ, ਸਾਡੀਆਂ ਹੱਕੀ ਮੰਗਾਂ ਅੱਜ ਤੱਕ ਵੀ ਨਹੀਂ ਮੰਨੀਆਂ ਗਈਆਂ। ਸ਼੍ਰੋਮਣੀ ਅਕਾਲੀ ਦਲ ਇਸ ਲਈ ਸੰਘਰਸ਼ ਕਰਦਾ ਰਹੇਗਾ।



ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ-ਪੰਜਾਬ ਤਕਸੀਮ ਦਰ ਤਕਸੀਮ


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਦਿਨ ਕੇਂਦਰ ਵਿਰੁੱਧ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਇਹ ਪੋਸਟ SGPC ਦੇ ਸੋਸ਼ਲ ਮੀਡੀਆ ਪੇਜ 'ਤੇ ਸ਼ੇਅਰ ਕੀਤੀ ਗਈ ਹੈ। ਜਿਸ ਵਿਚ ਲਿਖਿਆ ਹੈ- ਅੱਜ ਦੇ ਦਿਨ 1966 ਵਿੱਚ ਭਾਸ਼ਾ ਦੇ ਆਧਾਰ 'ਤੇ ਵੰਡਿਆ ਪੰਜਾਬੀ ਸੂਬਾ ਹੋਂਦ ਵਿਚ ਆਇਆ ਸੀ। ਭਾਰਤ ਦੀ ਵੰਡ ਤੋਂ ਬਾਅਦ ਦੱਖਣ ਤੋਂ ਉੱਤਰ ਤੱਕ ਭਾਸ਼ਾ ਦੇ ਆਧਾਰ 'ਤੇ ਸੂਬਿਆਂ ਦੀ ਹੱਦਬੰਦੀ ਦਾ ਮੁੱਦਾ ਉੱਠਿਆ।


 






ਆਂਧਰਾ ਪ੍ਰਦੇਸ਼ ਬਣਨ ਤੋਂ ਬਾਅਦ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਮੰਗ ਨੂੰ ਅੱਗੇ ਰੱਖਿਆ। ਇੱਕ ਲੰਮੀ ਜੱਦੋਜਹਿਦ (ਜਿਸ ਵਿੱਚ ਹਜ਼ਾਰਾਂ ਸਿੱਖਾਂ ਨੂੰ ਜੇਲ੍ਹਾਂ ਵਿੱਚ ਡੱਕਿਆ, ਤਸੀਹੇ ਦਿੱਤੇ ਗਏ, ਸ਼ਹੀਦ ਕੀਤੇ ਗਏ) ਤੋਂ ਬਾਅਦ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਾਇਆ ਗਿਆ। ਕੇਂਦਰ ਨੇ ਪੰਜਾਬੀਆਂ ਨਾਲ ਬੇਈਮਾਨੀ ਕਰਦੇ ਹੋਏ ਜਾਣਬੁੱਝ ਕੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਹਰਿਆਣਾ, ਹਿਮਾਚਲ ਤੇ ਰਾਜਸਥਾਨ ਵਿੱਚ ਮਿਲਾ ਕੇ ਨਾ ਸਿਰਫ਼ ਪੰਜਾਬ ਦੇ ਟੁਕੜੇ-ਟੁਕੜੇ ਕੀਤੇ, ਸਗੋਂ ਇਸ ਦੇ ਪਾਣੀਆਂ, ਡੈਮਾਂ ਤੇ ਰਾਜਧਾਨੀ 'ਤੇ ਵੀ ਕਬਜ਼ਾ ਕਰਕੇ ਵੱਡੀ ਸੱਟ ਮਾਰੀ।