Firozpur : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਕਟ ਵੇਲੇ ਪੰਜਾਬੀਆਂ ਦੀ ਬਾਂਹ ਫੜਨ ਦੀ ਥਾਂ ਉਹਨਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਕੇ ਆਪਣੇ ਸਿਆਸੀ ਆਕਾ ਅਰਵਿੰਦ ਕੇਜਰੀਵਾਲ ਨੂੰ ਚੋਣਾਂ ਵੇਲੇ ਰਾਜਾਂ ਮੱਧ ਪ੍ਰਦੇਸ਼ ਤੇ ਛਤੀਸਗੜ੍ਹ ਦੇ ਗੇੜੇ ਲੁਆਉਣ ਨੂੰ ਪਹਿਲ ਦੇਣ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਪੰਜਾਬ ਵਿਚ ਹੜ੍ਹ ਆਪ ਸਰਕਾਰ ਦੇ ਹਿਮਾਚਲ ਪ੍ਰਦੇਸ਼ ਦੇ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਨੂੰ ਰੈਗੂਲੇਟ ਕਰਨ ਵਿਚ ਅਸਫਲ ਰਹਿਣ ਦਾ ਨਤੀਜਾ ਹਨ।


ਅਕਾਲੀ ਦਲ ਦੇ ਪ੍ਰਧਾਨ ਨੇ ਫਾਜ਼ਿਲਕਾ ਤੇ ਫਿਰੋਜ਼ਪੁਰ ਹਲਕਿਆਂ ਦੇ ਹੜ੍ਹਾਂ ਮਾਰੇ ਹਲਕਿਆਂ ਜਲਾਲਾਬਾਦ, ਗੁਰੂ ਹਰਿਸਹਾਏ, ਫਿਰੋਜ਼ਪੁਰ ਦਿਹਾਤੀ ਤੇ ਫਿਰੋਜ਼ਪੁਰ ਸ਼ਹਿਰੀ ਹਲਕਿਆਂ ਦਾ ਦੌਰਾ ਕੀਤਾ। ਉਹਨਾਂ ਨੇ ਭਾਰਤ ਪਾਕਿਸਤਾਨ ਸਰਹੱਦ ’ਤੇ ਕੰਡਿਆਲੀ ਤਾਰ ਨਾਲ ਲੱਗੇ ਪਿੰਡਾਂ ਅਤੇ ਹੁਸੈਨੀਵਾਲਾ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦਗਾਰ ਦਾ ਵੀ ਦੌਰਾ ਕੀਤਾ।ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਪੰਜਾਬ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐਮ ਬੀ) ਨਾਲ ਤਾਲਮੇਲ ਨਹੀਂ ਕੀਤਾ ਤੇ ਇਹ ਯਕੀਨੀ ਨਹੀਂ ਬਣਾਇਆ ਕਿ ਡੈਮਾਂ ਵਿਚੋਂ ਪਾਣੀ ਹੌਲੀ-ਹੌਲੀ ਤੇ ਨਿਰੰਤਰ ਛੱਡਿਆ ਜਾਂਦਾ। 


ਉਹਨਾਂ ਕਿਹਾ ਕਿ ਹੁਣ ਵੀ ਪੰਜਾਬ ਦੇ ਲੋਕ ਬਹੁਤ ਮੁਸ਼ਕਿਲਾਂ ਨਾਲ ਜੂਝ ਰਹੇ ਹਨ ਜਿਸਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਪਰ ਆਪ ਸਰਕਾਰ ਨੇ ਹਾਲੇ ਤੱਕ ਇਸ ਮਨੁੱਖ ਦੀ ਸਹੇੜੀ ਤ੍ਰਾਸਦੀ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ। ਉਹਨਾਂ ਕਿਹਾ ਕਿ ਦੂਜੇ ਪਾਸੇ ਹਿਮਾਚਲ ਸਰਕਾਰ ਨੇ ਪਹਿਲਾਂ ਹੀ ਉਹਨਾਂ ਡੈਮ ਮੈਨੇਜਮੈਂਟ ਖਿਲਾਫ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ ਜਿਹਨਾਂ ਨੇ ਡੈਮ ਸੇਫਟੀ ਐਕਟ ਤੇ ਕੇਂਦਰੀ ਜਲ ਕਮਿਸ਼ਨ ਵੱਲੋਂ ਤੈਅ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ।



ਉਹਨਾਂ ਕਿਹਾ ਕਿ ਡੈਮ ਅਧਿਕਾਰੀਆਂ ’ਤੇ ਫੌਜਦਾਰੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬਜਾਏ ਪੰਜਾਬ ਵਿਚ ਅਜਿਹੇ ਨੁਕਸਾਨ ਲਈ ਅਜਿਹੀ ਹੀ ਕਾਰਵਾਈ ਕਰਨ ਦੇ ਭਗਵੰਤ ਮਾਨ ਨੇ ਪਿਛਲੇ ਮਹੀਨੇ ਭਾਖੜਾ ਦਾ ਦੌਰਾ ਕੀਤਾ ਤੇ ਖੁਦ ਦੀਆਂ ਤਸਵੀਰਾਂ ਖਿੱਚਵਾਈਆਂ ਤੇ ਸਿਰਫ ਭਰੋਸੇ ਦਿੱਤੇ ਕਿ ਸਭ ਠੀਕ ਹੈ।


ਬਾਦਲ ਨੇ ਮੁੱਖ ਮੰਤਰੀ ਵੱਲੋਂ ਲੋੜ ਵੇਲੇ ਪੰਜਾਬੀਆਂ ਦੀ ਬਾਂਹ ਫੜਨ ਦੀ ਥਾਂ ’ਤੇ ਉਹਨਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਹੈ। ਉਹਨਾਂ ਕਿਹਾ ਕਿ ਬਜਾਏ ਹੜ੍ਹ ਮਾਰੇ ਪਿੰਡਾਂ ਦਾ ਦੌਰਾ ਕਰਨ ਦੇ ਮੁੱਖ ਮੰਤਰੀ ਨੇ ਆਪਣੇ ਸਿਆਸੀ ਆਕਾ ਅਰਵਿੰਦ ਕੇਜਰੀਵਾਲ ਨੂੰ ਮੱਧ ਪ੍ਰਦੇਸ਼ ਤੇ ਛਤੀਸਗੜ੍ਹ ਲੈ ਕੇ ਜਾਣ ਨੂੰ ਤਰਜੀਹ ਦਿੱਤੀ। ਉਹਨਾਂ ਕਿਹਾ ਕਿ ਇਸ ਮੂਰਖਤਾ ਦੀ ਵਜ੍ਹਾਂ ਨਾਲ  ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧੀਆਂ ਹਨ ਕਿਉਂਕਿ ਪ੍ਰਸ਼ਾਸਨ ਉਹਨਾਂ ਤੋਂ ਦੂਰ ਹੈ।