ਸ਼ੰਕਰ ਦਾਸ ਦੀ ਰਿਪੋਰਟ 

Makhan Singh dies : ਪੰਜਾਬ 'ਚੋਂ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਨੂੰ ਰੁਖ਼ ਕਰਦੇ ਹਨ। ਜਿੱਥੇ ਜਾ ਕੇ ਉਨ੍ਹਾਂ ਦੇ ਵੱਲੋਂ ਹੱਡ ਤੋੜਵੀਂ ਮਿਹਨਤ ਕੀਤੀ ਜਾਂਦੀ ਹੈ ਪਰ ਕਈ ਵਾਰ ਵਿਦੇਸ਼ ਰਹਿੰਦੇ ਨੌਜਵਾਨਾਂ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਓਥੇ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੀਆਂ ਰੋਜ਼ਾਨਾ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਖਸ਼ੀਵਾਲਾ ਤੋਂ ਰੋਜ਼ੀ ਰੋਟੀ ਲਈ ਵਿਦੇਸ਼ ਗਏ ਨੌਜਵਾਨ ਦੀ ਓਥੇ ਮੌਤ ਹੋ ਗਈ ਹੈ। 


 

ਮਿਲੀ ਜਾਣਕਾਰੀ ਅਨੁਸਾਰ 5-6 ਸਾਲ ਪਹਿਲਾਂ ਬਖਸ਼ੀਵਾਲਾ ਦੇ ਮੱਖਣ ਸਿੰਘ ਨੂੰ ਉਸ ਦੇ ਪਰਿਵਾਰ ਨੇ ਆਪਣਾ ਘਰ ਵੇਚ ਕੇ ਚੰਗੇ ਭਵਿੱਖ ਲਈ ਬਾਹਰਲੇ ਮੁਲਕ ਸਾਈਪ੍ਰਸ ਭੇਜਿਆ ਗਿਆ ਸੀ ਤਾਂ ਜੋ ਪਰਿਵਾਰ ਦੀ ਆਰਥਿਕ ਸਥਿਤੀ ਠੀਕ ਹੋ ਜਾਵੇ ਪਰ ਉਸ ਦੀ ਮੌਤ ਦੀ ਖ਼ਬਰ ਨੇ ਮਾਪਿਆਂ ਨੂੰ ਡੂੰਘਾ ਸਦਮਾ ਦੇ ਦਿੱਤਾ ਹੈ। ਪੁੱਤ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ।

 


 

 ਮ੍ਰਿਤਕ ਮੱਖਣ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜ ਛੇ ਸਾਲ ਪਹਿਲਾਂ ਉਨ੍ਹਾਂ ਨੇ ਆਪਣਾ ਘਰ ਵੇਚ ਕੇ ਮੱਖਣ ਸਿੰਘ ਨੂੰ ਵਿਦੇਸ਼ ਭੇਜਿਆ ਸੀ ਪਰ ਅੱਜ ਜਦੋਂ ਪੁੱਤਰ ਦੇ ਮੌਤ ਦਾ ਸੁਨੇਹਾ ਮਿਲਿਆ ਤਾਂ ਅੱਖਾਂ ਅੱਗੇ ਹਨੇਰਾ ਛਾ ਗਿਆ। ਅੱਜ ਉਹ ਇੱਕ ਕਿਰਾਏ ਦੇ ਮਕਾਨ ‘ਤੇ ਬੈਠੇ ਹਨ।ਬਲਵਿੰਦਰ ਸਿੰਘ ਦਿਹਾੜੀ ਕਰਦੇ ਹਨ, ਪੁੱਤ ਦੀ ਲਾਸ਼ ਘਰ ਲਿਆਉਣ ਲਈ ਵੀ ਕੁਝ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੱਖਣ ਸਿੰਘ ਦੀ ਲਾਸ਼ ਲਿਆਉਣ ਲਈ ਮਦਦ ਕੀਤੀ ਜਾਵੇ ਤਾਂ ਜੋ ਉਸਦਾ ਅੰਤਿਮ ਸਸਕਾਰ ਪਿੰਡ ਵਿੱਚ ਕੀਤਾ ਜਾ ਸਕੇ।

 

ਇਸ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਪਰਿਵਾਰ ਦੀ ਹਾਲਤ ਕਾਫੀ ਖਰਾਬ ਹੈ ਅਤੇ ਉਸ ਦੇ ਦੂਜੇ ਬੇਟੇ ਦੀ ਵੀ ਹਾਲਤ ਠੀਕ ਨਹੀਂ, ਉਹ ਕੰਮਕਾਰ ਨਹੀਂ ਕਰ ਸਕਦਾ ,ਉਹ ਵੀ ਘਰ ਬੈਠਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰਾਂ ਨੂੰ ਅੱਗੇ ਆ ਕੇ ਇਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਉਥੇ ਇਸ ਦੀ ਜਾਂਚ ਕਰਕੇ ਲਾਸ਼ ਨੂੰ ਪਿੰਡ ਵਿਚ ਲਿਆਉਣ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਤਾਂ ਕਿ ਉਸ ਦੇ ਬੁੱਢੇ ਮਾਂ ਬਾਪ ਉਸ ਦਾ ਅੰਤਿਮ ਸਸਕਾਰ ਕਰ ਸਕਣ।

 

ਜ਼ਿਕਰਯੋਗ ਹੈ ਕਿ ਪੰਜਾਬ ਦੇ ਨੌਜਵਾਨਾਂ ’ਚ ਵਿਦੇਸ਼ਾਂ ਵਿਚ ਜਾ ਕੇ ਪੜ੍ਹਾਈ ਕਰਨ ਅਤੇ ਕੈਨੇਡਾ, ਅਮਰੀਕਾ, ਆਸਟਰੇਲੀਆ ਵਰਗੇ ਦੇਸ਼ਾਂ ’ਚ ਸੈਟਲ ਹੋਣ ਦਾ ਰੁਝਾਨ ਵਧ ਰਿਹਾ ਹੈ, ਜਿਸ ਕਾਰਨ ਪੰਜਾਬ ਤੇਜ਼ੀ ਨਾਲ ‘ਖਾਲੀ’ ਹੋ ਰਿਹਾ ਹੈ। ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ ਉਡਾਰੀ ਨੂੰ ਰੋਕਣ ਲਈ ਸਰਕਾਰ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ। ਜੇ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਇੰਝ ਹੀ ਵਿਦੇਸ਼ਾਂ ਵੱਲ ਜਾਂਦੇ ਰਹੇ ਤਾਂ ਇਕ ਦਿਨ ਅਜਿਹਾ ਆਵੇਗਾ, ਜਦੋਂ ਪੰਜਾਬ ਦੀ ਆਬਾਦੀ ਬਹੁਤ ਘੱਟ ਜਾਵੇਗੀ।