Amritsar News: ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਮਹਾਂਮਾਰੀ ਤੋਂ ਬਾਅਦ ਸਾਲ 2022 ਵਿੱਚ ਆਪਣੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਦਾ ਵਿਸਤਾਰ ਕਰਨ ਵਿੱਚ ਕਾਮਯਾਬ ਰਿਹਾ ਹੈ। ਇੱਥੋਂ ਯਾਤਰੀਆਂ ਦੀ ਆਵਾਜਾਈ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇਸ ਸਬੰਧੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਸਾਲ 2022 ਦੌਰਾਨ ਯਾਤਰੀਆਂ ਦੀ ਕੁੱਲ ਗਿਣਤੀ ਕੋਵਿਡ ਮਹਾਂਮਾਰੀ ਤੋਂ ਪਹਿਲਾਂ ਵਾਲੇ ਸਾਲ 2019 ਦੀ 95 ਫੀਸਦੀ ਗਿਣਤੀ ਤੱਕ ਪਹੁੰਚ ਗਈ ਹੈ।


ਉਨ੍ਹਾਂ ਅਨੁਸਾਰ ਏਅਰਪੋਰਟ ਅਥਾਰਟੀ ਆਫ ਇੰਡੀਆ ਤੋਂ ਉਪਲਬਧ ਅੰਕੜਿਆਂ ਦੇ ਵਿਸ਼ਲੇਸ਼ਣ ਦੱਸਦੇ ਹਨ ਕਿ ਹਵਾਈ ਅੱਡੇ ਨੇ ਸਾਲ 2022 ਵਿੱਚ ਕੁੱਲ 22.4 ਲੱਖ ਯਾਤਰੀਆਂ ਦਾ ਸੁਆਗਤ ਕੀਤਾ ਜਦੋਂਕਿ 2019 ਵਿੱਚ ਸਭ ਤੋਂ ਵੱਧ 25.63 ਲੱਖ ਯਾਤਰੀਆਂ ਦੀ ਗਿਣਤੀ ਦਰਜ ਕੀਤੀ ਗਈ ਸੀ। ਸਾਲ 2022 ਦੀ ਗਿਣਤੀ ਸਾਲ 2021 ਦੀ 13.2 ਲੱਖ ਦੇ ਮੁਕਾਬਲੇ 69.39% ਵੱਧ ਹੈ।



ਗੁਮਟਾਲਾ ਨੇ ਕਿਹਾ ਕਿ ਅੰਕੜਿਆਂ ਅਨੁਸਾਰ ਹਵਾਈ ਅੱਡੇ ਤੋਂ ਸਾਲ 2022 ਵਿੱਚ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਤਕਰੀਬਨ 6.5 ਲੱਖ ਦਰਜ ਕੀਤੀ ਗਈ ਜੋ ਸਾਲ 2021 ਦੀ 3 ਲੱਖ 7 ਹਜ਼ਾਰ ਦੀ ਗਿਣਤੀ ਤੋਂ ਦੁੱਗਣੀ ਨਾਲੋਂ ਵੀ ਵੱਧ ਹੈ। ਇਸ ਨਾਲ ਇੱਥੋਂ 111.4 ਫੀਸਦੀ ਦਾ ਵਾਧਾ ਹੋਇਆ ਹੈ। ਇਹੀ ਨਹੀਂ ਅੰਤਰਰਾਸ਼ਟਰੀ ਹਵਾਈ ਜਹਾਜ਼ਾਂ ਦੀ ਆਵਾਜਾਈ ਵਿੱਚ ਵੀ 68.5% ਦਾ ਵਾਧਾ ਦਰਜ ਕੀਤਾ ਗਿਆ। ਸਾਲ 2022 ਵਿੱਚ ਘਰੇਲੂ ਯਾਤਰੀਆਂ ਦੀ ਗਿਣਤੀ ਵੀ 56.2% ਵੱਧ ਕੇ 15.8 ਲੱਖ ਹੋ ਗਈ ਹੈ ਤੇ ਘਰੇਲੂ ਉਡਾਣਾਂ ਦੇ ਜਹਾਜ਼ਾਂ ਦੀ ਆਵਾਜਾਈ ਵਿੱਚ ਵੀ 37.1% ਵਾਧਾ ਹੋਇਆ ਹੈ।  



ਦਸੰਬਰ 2022 ਦੇ ਮਹੀਨੇ ਲਈ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਕੁੱਲ 2,40,200 ਯਾਤਰੀਆਂ ਦੀ ਗਿਣਤੀ ਦਰਜ ਕੀਤੀ ਗਈ ਜੋ ਮਾਰਚ 2020 ਵਿੱਚ ਮੁਕੰਮਲ ਤਾਲਾਬੰਦੀ ਕਾਰਨ ਪੂਰੇ ਭਾਰਤ ਵਿੱਚ ਉਡਾਣਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਸਭ ਤੋਂ ਵੱਧ ਹੈ। ਤਾਲਾਬੰਦੀ ਤੋਂ ਪਹਿਲਾਂ, ਦਸੰਬਰ 2019 ਮਹੀਨੇ ਵਿੱਚ ਸਭ ਤੋਂ ਵੱਧ ਸੰਖਿਆ 2,55,364 ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਵਿਖੇ ਕੈਟ-3ਬੀ ਇੰਸਟਰੂਮੈਂਟ ਲੈਂਡਿੰਗ ਸਿਸਟਮ ਦੇ ਹੋਣ ਨਾਲ ਦਸੰਬਰ ਦੇ ਮਹੀਨੇ ਸੰਘਣੀ ਧੁੰਦ ਦੇ ਬਾਵਜੂਦ ਬਹੁਤ ਹੀ ਘੱਟ ਉਡਾਣਾ ਰੱਦ ਜਾਂ ਕਿਸੇ ਹੋਰ ਲਾਗਲੇ ਏਅਰਪੋਰਟ ਵੱਲ ਨੂੰ ਮੋੜੀਆਂ ਗਈਆਂ। ਇਹ ਸਿਸਟਪ ਸੰਘਣੀ ਧੁੰਦ ਵਿੱਚ ਸਿਰਫ 50 ਮੀਟਰ ਦੀ ਦਿੱਖ ਰਹਿ ਜਾਣ 'ਤੇ ਵੀ ਜਹਾਜ਼ ਨੂੰ ਉਤਰਨ ਵਿੱਚ ਸਹਾਈ ਹੁੰਦਾ ਹੈ।



ਅੰਮ੍ਰਿਤਸਰ ਤੋਂ ਇਸ ਸਮੇਂ 10 ਤੋਂ ਵੱਧ ਭਾਰਤੀ ਤੇ ਵਿਦੇਸ਼ੀ ਏਅਰਲਾਈਨਾਂ ਦੁਆਰਾ 11 ਘਰੇਲੂ ਤੇ 10 ਅੰਤਰਰਾਸ਼ਟਰੀ ਮੰਜ਼ਿਲਾਂ ਲਈ ਹਫਤੇ ਵਿੱਚ ਤਕਰੀਬਨ 420 ਉਡਾਣਾਂ ਦੀ ਰਵਾਨਗੀ ਅਤੇ ਆਗਮਨ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹਵਾਈ ਅੱਡਾ ਹੁਣ 2020 ਵਿੱਚ ਮਹਾਂਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਅੰਤਰਰਾਸ਼ਟਰੀ ਹਵਾਈ ਅੱਡਿਆਂ ਨਾਲ ਜੁੜ ਗਿਆ ਹੈ, ਜਿਸ ਵਿੱਚ ਇਟਲੀ ਦੇ ਮਿਲਾਨ ਮਾਲਪੇਨਸਾ, ਮਿਲਾਨ ਬਰਗਾਮੋ ਅਤੇ ਰੋਮ ਦੇ ਹਵਾਈ ਅੱਡੇ ਸ਼ਾਮਲ ਹਨ। ਇਸ ਦੇ ਨਾਲ ਨਾਲ ਇੱਥੋਂ ਦੁਬਈ, ਸ਼ਾਰਜਾਹ, ਦੋਹਾ, ਸਿੰਗਾਪੁਰ, ਕੁਆਲਾਲੰਪੁਰ, ਲੰਡਨ ਹੀਥਰੋ ਤੇ ਬਰਮਿੰਘਮ ਲਈ ਸਿੱਧੀਆਂ ਉਡਾਣਾਂ ਹਨ।


ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਹਵਾਈ ਅੱਡੇ ਦੀ ਅੰਤਰਰਾਸ਼ਟਰੀ ਕਨੈਕਟੀਵਿਟੀ ਨੂੰ ਹੋਰ ਵਧਾਉਣ ਲਈ ਵੱਖ-ਵੱਖ ਏਅਰਲਾਈਨਾਂ ਦੇ ਨੁਮਾਇੰਦਿਆਂ ਦੇ ਨਾਲ ਸੰਪਰਕ ਵਿੱਚ ਹੈ। ਉਹਨਾਂ ਉਮੀਦ ਜਾਹਰ ਕੀਤੀ ਕਿ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਅੰਤਰਰਾਸ਼ਟਰੀ ਜਾਂ ਭਾਰਤੀ ਏਅਰਲਾਈਨਾਂ ਦੁਆਰਾ ਇੱਥੋਂ ਉਡਾਣਾਂ ਸ਼ੁਰੂ ਕਰਨ ਜਾਂ ਚੱਲ ਰਹੀਆਂ ਉਡਾਣਾਂ ਦੀ ਗਿਣਤੀ ਨੂੰ ਵਧਾਉਣ ਨਾਲ ਯਾਤਰੀਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਵੇਗਾ ਅਤੇ ਸਾਲ 2023 ਵਿੱਚ ਇੱਥੋਂ ਯਾਤਰੀਆਂ ਦੀ ਕੁੱਲ ਗਿਣਤੀ 30 ਲੱਖ ਤੱਕ ਪਹੁੰਚ ਸਕਦੀ ਹੈ।


ਸੂਬਾ ਸਰਕਾਰ ਦੇ ਪ੍ਰਤੀ ਨਮੋਸ਼ੀ ਜਾਹਰ ਕਰਦਿਆਂ ਗੁਮਟਾਲਾ ਨੇ ਕਿਹਾ ਕਿ ਜੇਕਰ ਰਾਜ ਸਰਕਾਰ ਸਾਲ 2022 ਵਿੱਚ ਪੰਜਾਬ ਦੇ ਹੋਰ ਸ਼ਹਿਰਾਂ ਤੋਂ ਅੰਮ੍ਰਿਤਸਰ ਹਵਾਈ ਅੱਡੇ ਤੱਕ ਬੱਸ ਸੇਵਾ ਸ਼ੁਰੂ ਕਰ ਦਿੰਦੀ ਤਾਂ ਯਾਤਰੀਆਂ ਦੀ ਗਿਣਤੀ ਹੋਰ ਵੀ ਵੱਧ ਹੋ ਸਕਦੀ ਸੀ। ਪੰਜਾਬ ਦੇ ਕਈ ਸ਼ਹਿਰਾਂ ਤੋਂ ਦਿੱਲੀ ਏਅਰਪੋਰਟ ਲਈ ਸਰਕਾਰੀ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ।