ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਰਾਵਲ ਨੇ ਕਿਹਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਾਹਰ ਕੱਢਣਾ ਸਭ ਤੋਂ ਜ਼ਰੂਰੀ ਹੈ। ਹੁਣ ਪੰਜਾਬ ਵਿੱਚ ਇਮਾਨਦਾਰ ਸਰਕਾਰ ਹੈ। ਨਸ਼ੇ ਦੇ ਵਪਾਰੀਆਂ ਨੂੰ ਕੋਈ ਸੁਰੱਖਿਆ ਨਹੀਂ ਹੋਵੇਗੀ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਤਨਦੇਹੀ ਨਾਲ ਕੰਮ ਕਰਕੇ ਇਸ ਸਮੱਸਿਆ ਦਾ ਹੱਲ ਕਰੇਗੀ।

[blurb]





[/blurb]

ਦੱਸ ਦਈਏ ਕਿ ਨਸ਼ਿਆਂ ਦੇ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਸ਼ੇ ਦੇ ਖ਼ਾਤਮੇ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਕੀਤੀ ਹੈ। ਪੁਲਿਸ ਨੂੰ ਬਿਨ੍ਹਾਂ ਕਿਸੇ ਦਬਾਅ ਹਰ ਦੋਸ਼ੀ 'ਤੇ ਸਖ਼ਤ ਐਕਸ਼ਨ ਲੈਣ ਦੀਆਂ ਹਦਾਇਤਾਂ ਦਿੱਤੀਆਂ ਹਨ।



ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਸਾਡੇ ਨੌਜਵਾਨ ਪੀੜਤ ਹਨ, ਦੋਸ਼ੀ ਨਹੀਂ। ਪਹਿਲਾਂ ਵੇਚਣ ਵਾਲਿਆਂ ਨੂੰ ਫੜ ਕੇ ਨਸ਼ੇ ਦੀ ਚੇਨ ਤੋੜੀ ਜਾਵੇਗੀ, ਫ਼ਿਰ ਨੌਜਵਾਨਾਂ ਦਾ ਮੁੜ ਵਸੇਬਾ ਕਰਾਵਾਂਗੇ। ਸਾਡਾ ਖੁਆਬ - ਨਸ਼ਾ ਮੁਕਤ ਪੰਜਾਬ


 


ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਹਿਮ ਮੀਟਿੰਗ ਬੁਲਾਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਅਮਨ-ਕਾਨੂੰਨ ਦੀ ਹਾਲਤ ਤੋਂ ਇਲਾਵਾ ਨਸ਼ਿਆਂ ਨੂੰ ਬ੍ਰੇਕ ਲਾਉਣ ਬਾਰੇ ਚਰਚਾ ਕੀਤੀ। ਸੂਤਰਾਂ ਮੁਤਾਬਕ ਇਸ ਮੀਟਿੰਗ ਵਿੱਚ ਨਸ਼ਿਆਂ ਨੂੰ ਰੋਕਣ ਲਈ ਐਕਸ਼ਨ ਪਲਾਨ ਬਣਾਇਆ ਗਿਆ ਹੈ। 


ਦਰਅਸਲ ਪੰਜਾਬ ਵਿੱਚ ਨਿੱਤ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਕਰਕੇ ਸਰਕਾਰ ਉੱਪਰ ਸਵਾਲ ਉੱਠ ਰਹੇ ਹਨ। ਇਸ ਤੋਂ ਇਲਾਵਾ ਸ਼ਰੇਆਮ ਨਸ਼ੇ ਵੇਚਣ ਦੇ ਮਾਮਲੇ ਵੀ ਸਰਕਾਰ ਲਈ ਸਿਰਦਰਦੀ ਬਣੇ ਹੋਏ ਹਨ। ਇਸ ਲਈ ਪਿਛਲੇ ਦਿਨ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਸੀ ਕਿ ਡਰੱਗ ਦੀ ਸਮੱਸਿਆ ਵਿੱਚ ਸਾਡੇ ਨੌਜਵਾਨਾਂ ਦਾ ਕਸੂਰ ਨਹੀਂ ਹੈ, ਬੇਰੁਜ਼ਗਾਰੀ ਇਸ ਦਾ ਵੱਡਾ ਕਾਰਨ ਹੈ। ਅਸੀਂ ਇਸ ਨਾਲ ਨਜਿੱਠਣ ਲਈ ਸਿਸਟਮ ਤਿਆਰ ਕਰ ਰਹੇ ਹਾਂ।