Patiala News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਕਿਹਾ ਹੈ ਕਿ ਰਾਜ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦੇ ਵਿਆਹ ਦਾ ਖਰਚ ਤੇ ਪ੍ਰੰਬਧ ਪੰਜਾਬ ਸਰਕਾਰ ਨੇ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੱਢਾ ਨੇ ਰਾਜ ਸਭਾ ਚੋਣ ਮੌਕੇ ਭਰੇ ਫਾਰਮ ਵਿਚ ਆਮਦਨੀ ਢਾਈ ਲੱਖ ਰੁਪਏ ਦੱਸੀ ਸੀ, ਜਦ ਕਿ ਹੁਣ ਵਿਆਹ ਲਈ ਬੁੱਕ ਕੀਤੇ ਹੋਟਲਾਂ ਦਾ ਕਿਰਾਇਆ ਹੀ ਕਈ ਕਰੋੜ ਰੁਪਏ ਹੈ। ਬਾਦਲ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਉਨ੍ਹਾਂ ਦੋਸ਼ ਲਾਏ ਕਿ ਵਿਆਹ ਵਿੱਚ ਜਿੱਥੇ ਪੰਜਾਬ ਸਰਕਾਰ ਦੇ ਅਧਿਕਾਰੀ ਪ੍ਰਬੰਧਕ ਸਨ, ਉਥੇ ਪੰਜਾਬ ਪੁਲੀਸ ਦੇ ਸੈਂਕੜੇ ਮੁਲਾਜ਼ਮ ਸੁਰੱਖਿਆ ਛੱਤਰੀ ਵਜੋਂ ਤਾਇਨਾਤ ਕੀਤੇ ਗਏ। ਬਾਦਲ ਅੱਜ ਇਥੇ ਸੰਨੀ ਐਨਕਲੇਵ ਵਿੱਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਪਾਰਟੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਭੂੰਦੜ, ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ, ਜਗਜੀਤ ਕੋਹਲੀ, ਸੁਖਬੀਰ ਅਬਲੋਵਾਲ ਅਤੇ ਜਤਿੰਦਰ ਸਿੰਘ ਪਹਾੜੀਪੁਰ ਮੌਜੂਦ ਸਨ।
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਹਰਸਿਮਰਤ ਨੇ ਟਵੀਟ ਕੀਤਾ- ਵਿਆਹ ਅਰਵਿੰਦ ਕੇਜਰੀਵਾਲ ਦੇ ਚਹੇਤੇ ਦਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੈਂਕੜੇ ਸੁਰੱਖਿਆ ਮੁਲਾਜ਼ਮ ਅਤੇ ਬੁਲੇਟ ਪਰੂਫ ਲੈਂਡ ਕਰੂਜ਼ਰ ਨੂੰ ਉਨ੍ਹਾਂ ਦੀ ਸੇਵਾ 'ਚ ਲਾਇਆ ਹੈ। ਵਾਹ! ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਗਵਰਨਰ ਸਹੀ ਪੁੱਛ ਰਹੇ ਹਨ ਕਿ ਪੰਜਾਬ ਦੇ ਪੈਸੇ ਕਿੱਥੇ ਹਨ। ਪਿਛਲੇ 18 ਮਹੀਨਿਆਂ ਵਿੱਚ ਲਏ ਗਏ 50,000 ਕਰੋੜ ਰੁਪਏ ਦੇ ਕਰਜ਼ੇ ਖ਼ਰਚ ਕੀਤੇ ਜਾ ਚੁੱਕੇ ਹਨ।