ਅੰਮ੍ਰਿਤਸਰ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਤੇਜ਼ ਹੁੰਦਾ ਜਾ ਰਿਹਾ ਹੈ। ਪੰਜਾਬ ਵਿੱਚ ਰੇਲ ਰੋਕੋ ਅੰਦੋਲਨ ਨੂੰ 100 ਦਿਨਾਂ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਜੰਡਿਆਲਾ ਗੁਰੂ ਦੇ ਰੇਲਵੇ ਸਟੇਸ਼ਨ ਨੇੜਲੇ ਮੈਦਾਨ 'ਚ ਕਿਸਾਨ ਲੰਬੇ ਸਮੇਂ ਤੋਂ ਧਰਨਾ ਦੇ ਰਹੇ ਹਨ ਪਰ ਪਿਛਲੇ ਤਿੰਨ ਦਿਨ ਹੋਈ ਬਾਰਸ਼ ਕਾਰਨ ਕਿਸਾਨਾਂ ਦੇ ਮੋਰਚੇ 'ਤੇ ਕਾਫੀ ਹੱਲ ਚੱਲ ਮੱਚ ਗਈ ਸੀ।

ਅੱਜ ਕਿਸਾਨਾਂ ਨੇ ਮੋਰਚੇ ਵਾਲੀ ਥਾਂ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਲੰਟੀਅਰਾਂ ਨੇ ਪਾਣੀ ਕੱਢ ਕੇ ਦੁਬਾਰਾ ਮੋਰਚਾ ਸਥਾਪਤ ਕਰਨਾ ਸ਼ੁਰੂ ਕਰ ਦਿੱਤਾ ਹੈ। ਗੜ੍ਹੇਮਾਰੀ ਕਾਰਨ ਕਨਾਤਾਂ ਵੀ ਫੱਟ ਗਈਆਂ ਸੀ ਪਰ ਕਿਸਾਨਾਂ ਦਾ ਹੌਂਸਲਾ ਨਹੀਂ ਟੁੱਟਿਆ। ਉਹ ਵਰ੍ਹਦੇ ਮੀਂਹ 'ਚ ਵੀ ਟਰਾਲੀਆਂ ਤੇ ਆਰਜ਼ੀ ਤੌਰ 'ਤੇ ਬਣਾਏ ਵਾਟਰ ਪਰੂਫ ਟੈਂਟ 'ਚ ਡਟੇ ਰਹੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਲੰਧਰ ਜ਼ੋਨ ਕਾਰਕੁਨਾਂ ਦੀ ਜੰਡਿਆਲਾ ਦੇ ਪ੍ਰਦਰਸ਼ਨ 'ਚ ਡਿਊਟੀ ਸੀ ਜੋ ਬਾਰਸ਼ ਚ ਡਟੇ ਰਹੇ।



ਦੱਸ ਦੇਈਏ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦਿੱਲੀ ਮੋਰਚਾ ਲਿਜਾਣ ਵੇਲੇ ਐਲਾਨ ਕੀਤਾ ਸੀ ਕਿ ਜੰਡਿਆਲਾ ਗੁਰੂ 'ਚ ਰੇਲ ਰੋਕੋ ਅੰਦੋਲਨ ਜਾਰੀ ਰਹੇਗਾ। ਮੋਰਚੇ ਵਾਲੇ ਮੈਦਾਨ 'ਚ ਭਰਿਆ ਪਾਣੀ ਕੱਢ ਰਹੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਰਦੀ ਦੀ ਕੋਈ ਫਿਕਰ ਨਹੀਂ ਤੇ ਨਾ ਹੀ ਬਾਰਸ਼ ਦੀ ਕੋਈ ਪਰਵਾਹ ਹੈ।

ਪਿੰਡਾਂ 'ਚੋਂ ਵਲੰਟੀਅਰ ਬੁਲਾ ਲਏ ਗਏ ਹਨ ਤੇ ਛੇਤੀ ਤੋਂ ਛੇਤੀ ਮੈਦਾਨ ਸਾਫ ਕਰਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਜੇਕਰ ਦੁਬਾਰਾ ਬਾਰਸ਼ ਹੋਵੇਗੀ ਤਾਂ ਦੁਬਾਰਾ ਮੈਦਾਨ ਸਾਫ ਕਰਨ 'ਚ ਕਿਸਾਨ ਜੁੱਟ ਜਾਣਗੇ ਪਰ ਜਿੰਨਾ ਚਿਰ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਸੰਘਰਸ਼ ਜਾਰੀ ਰਹੇਗਾ।