ਪਟਿਆਲਾ: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ ਵਿੱਚ ਚੱਲਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਤਿੰਨ ਰੋਜ਼ਾ ਧਰਨਾ ਅੱਜ ਖਤਮ ਹੋ ਗਿਆ ਹੈ। ਜਥੇਬੰਦੀ ਵੱਲੋਂ ਇਹ ਧਰਨਾ ਪੰਜਾਬ ਸਰਕਾਰ ਦੀ ਕਰੋਨਾਵਾਇਰਸ ਨੂੰ ਰੋਕਣ ਵਿੱਚ ਰਹੀ ਨਾਕਾਮੀ ਦੇ ਖਿਲਾਫ ਸੀ।ਅੱਜ ਧਰਨੇ ਦੇ ਆਖਰੀ ਦਿਨ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਅਤੇ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਕਿਸਾਨਾਂ ਨੂੰ ਸੰਬੋਧਿਤ ਕੀਤਾ ਗਿਆ।
ਰਾਜੇਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਕੱਠ ਨਾਲ ਦਿੱਲੀ ਧਰਨਿਆਂ ਵਿੱਚ ਪਹੁੰਚਣ।ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਰੋਹ ਦਾ ਹੀ ਨਤੀਜਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਵਿਚ ਹਰ ਹੋਈ ਹੈ।
ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਪੰਚਾਇਤੀ ਚੋਣਾਂ ਵਿੱਚ ਵੀ ਭਾਜਪਾ ਦੀ ਹਾਰ ਦਾ ਸੇਹਰਾ ਕਿਸਾਨਾਂ ਸਿਰ ਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਤਿੰਨ ਖੇਤੀ ਕ਼ਾਨੂੰਨ ਰੱਦ ਨਹੀਂ ਕਰਦੀ ਅਤੇ MSP ਤੇ ਫ਼ਸਲਾਂ ਦੀ ਖਰੀਦ ਵਾਸਤੇ ਕ਼ਾਨੂੰਨ ਨਹੀਂ ਬਣਾਉਂਦੀ ਤਾਂ ਉਹ ਉੱਤਰ ਪ੍ਰਦੇਸ਼ ਵਿੱਚ BJP ਦੇ ਖਿਲਾਫ ਪ੍ਰਚਾਰ ਕਰਨਗੇ ਕਿਉਂਕਿ ਕੇਂਦਰ ਸਰਕਾਰ ਦਾ ਰਾਹ ਉੱਤਰ ਪ੍ਰਦੇਸ਼ ਹੋਕੇ ਜਾਂਦੀ ਹੈ।
ਰਾਜੇਵਾਲ ਨੇ ਕਿਹਾ ਕਿ ਉਹ BJP ਨੂੰ ਉਤਰ ਪ੍ਰਦੇਸ਼ ਵਿੱਚ ਹਰਾਉਣ ਵਾਸਤੇ ਕੰਮ ਕਰਨਗੇ।ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਆਪਣੇ ਕੰਮ ਦਾ ਤਰੀਕਾ ਬਦਲਣਾ ਪਵੇਗਾ।ਖਾਸਕਰ ਸੜਕਾਂ ਵਾਸਤੇ ਜਮੀਨ ਲੈਣ ਵਾਸਤੇ ਜੋ ਮੁਆਵਜ਼ਾ ਦਿੱਤਾ ਜਾਂਦਾ ਹੈ ਉਹ ਸਹੀ ਅਤੇ ਮੌਜੂਦਾ ਨੀਤੀ ਦੇ ਅਧਾਰ ਤੇ ਦੇਣਾ ਪਵੇਗਾ ਨਹੀਂ ਤਾਂ ਜੋ ਗੁੱਸਾ ਕੇਂਦਰ ਸਰਕਾਰ ਦੇ ਖਿਲਾਫ ਹੈ ਉਹ ਪੰਜਾਬ ਸਰਕਾਰ ਤੇ ਨਾ ਨਿੱਕਲ ਜਾਵੇ।
ਆਗੂਆਂ ਨੇ ਕਿਹਾ ਕਿ ਕੋਰੋਨਾਵਾਇਰਸ ਨੂੰ ਪੰਜਾਬ ਵਿੱਚ ਰੋਕਣ ਵਾਸਤੇ ਅਤੇ ਸਿਹਤ ਸੁਵਿਧਾਵਾਂ ਦੇਣ ਵਾਸਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਕਾਮਯਾਬ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ