Ravana's effigy fell : ਖੰਨਾ 'ਚ ਚੱਲਦੇ ਦੁਸਹਿਰੇ ਮੇਲੇ ਦੌਰਾਨ ਰਾਵਣ ਦਾ ਪੁਤਲਾ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਤਲਾ ਡਿੱਗਣ ਮਗਰੋਂ ਦੁਸਹਿਰਾ ਕਮੇਟੀ ਮੈਂਬਰਾਂ ਦੀ ਪੁਤਲੇ ਬਣਾਉਣ ਵਾਲਿਆਂ ਨਾਲ ਲੜਾਈ ਹੋ ਗਈ ਹੈ। ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਹੈ। ਪੁਲਿਸ ਨੇ ਲੋਕਾਂ ਦੀ ਐਂਟਰੀ ਬੰਦ ਕਰ ਦਿੱਤੀ ਹੈ।

 

 ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਕੱਲ ਖੰਨਾ 'ਚ ਦੋ ਥਾਵਾਂ ਉਪਰ ਦੁਸਹਿਰਾ ਮਨਾਉਣ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਸੀ। ਪ੍ਰਸ਼ਾਸਨ ਨੇ ਦੁਸਹਿਰੇ ਤੋਂ ਇੱਕ ਦਿਨ ਪਹਿਲਾਂ ਵੱਖਰੀ ਕਮੇਟੀ ਦੇ ਦੁਸਹਿਰਾ ਮਨਾਉਣ ਉਪਰ ਮੁਕੰਮਲ ਪਾਬੰਦੀ ਲਾ ਦਿੱਤੀ ਸੀ। ਇੱਥੋਂ ਤੱਕ ਕਿ ਕਮੇਟੀ ਨੂੰ ਦੁਸਹਿਰਾ ਮਨਾਉਣ ਵਾਲੀ ਥਾਂ ਉਪਰ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲੇ ਲਾਉਣ ਤੋਂ ਰੋਕ ਦਿੱਤਾ ਗਿਆ ਸੀ।

ਖੰਨਾ ਵਿੱਚ ਦੁਸਹਿਰਾ ਕਈ ਸਾਲਾਂ ਤੋਂ ਮਿਲਟਰੀ ਗਰਾਉਂਡ ਵਿਖੇ ਮਨਾਇਆ ਜਾਂਦਾ ਹੈ। ਇਸ ਵਾਰ ਦੋ ਥਾਵਾਂ ਉਪਰ ਦੁਸਹਿਰਾ ਮਨਾਉਣ ਲਈ ਵੱਖ-ਵੱਖ ਕਮੇਟੀਆਂ ਬਣ ਗਈਆਂ ਸਨ। ਖੰਨਾ ਦੇ ਲਲਹੇੜੀ ਰੋਡ ਰੇਲਵੇ ਲਾਈਨਾਂ ਪਾਰ ਇਲਾਕੇ ਵਿੱਚ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਕਰਨ ਵਾਲੀ ਕਮੇਟੀ ਪ੍ਰਧਾਨ ਵਿਕਾਸ ਮਿੱਤਲ ਨੇ ਕਿਹਾ ਸੀ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਮਨਜੂਰੀ ਦੇ ਦਿੱਤੀ ਗਈ। ਹੁਣ ਇੱਕ ਦਿਨ ਪਹਿਲਾਂ ਜਦੋਂ ਉਹ ਸਾਮਾਨ ਲੈ ਕੇ ਆਏ ਤਾਂ ਪੁਲਿਸ ਨੇ ਰੋਕ ਦਿੱਤਾ। 
 

ਜ਼ਿਕਰਯੋਗ ਹੈ ਕਿ ਰਾਵਣ ਲੰਕਾ ਦਾ ਬਾਦਸ਼ਾਹ ਸੀ। ਉਸਨੂੰ ਦਸ ਸਿਰ ਵਾਲੇ ਬਹੁਤ ਸ਼ਕਤੀਸ਼ਾਲੀ ਰਾਜੇ ਵਜੋਂ ਦਰਸਾਇਆ ਗਿਆ ਹੈ। ਉਸ ਦੇ ਦਸ ਸਿਰ ਛੇ ਸ਼ਾਸਤਰ ਅਤੇ ਚਾਰ ਵੇਦ ਦੇ ਗਿਆਨ ਨੂੰ ਦਰਸਾਉਂਦੇ ਹਨ। ਹਿੰਦੂ ਧਰਮ ਵਿੱਚ ਇਸਨੂੰ ਬਦੀ ਦਾ ਪ੍ਰਤੀਕ ਮੰਨਿਆ ਗਿਆ ਹੈ ਅਤੇ ਦੁਸ਼ਹਿਰੇ ਵਾਲੇ ਦਿਨ ਇਸ ਦੇ ਨਾਲ-ਨਾਲ ਇਸ ਦੇ ਭਰਾਵਾਂ ਮੇਘਨਾਥ ਅਤੇ ਕੁੰਭਕਰਨ ਦੇ ਬੁੱਤ ਵੀ ਸਾੜੇ ਜਾਂਦੇ ਹਨ। ਰਾਵਣ, ਸ਼ਿਵ ਦਾ ਸ਼ਰਧਾਲੂ ਸੀ। ਦੱਸਿਆ ਜਾਂਦਾ ਹੈ ਕਿ ਰਾਵਣ ਨੇ ਰਾਮ ਤੋਂ ਬਦਲਾ ਲੈਣ ਲਈ ਰਾਮ ਦੀ ਪਤਨੀ ਸੀਤਾ ਨੂੰ ਅਗਵਾ ਕਰ ਲਿਆ ਸੀ ਕਿਉਂਕਿ ਰਾਮ ਅਤੇ ਉਸ ਦੇ ਭਰਾ ਲਕਸ਼ਮਣ ਨੇ ਰਾਵਣ ਦੀ ਭੈਣ ਸ਼ਰੂਪਨਖਾ ਦਾ ਨੱਕ ਕੱਟ ਦਿੱਤਾ ਸੀ। ਜਿਸ ਕਰਕੇ ਰਾਵਣ ਨੂੰ ਤਾਮਿਲਾਂ ਅਤੇ ਹਿੰਦੂਆਂ ਦੁਆਰਾ ਭਾਰਤ ਦੇ ਕੁਝ ਹਿੱਸਿਆਂ ਪੂਜਿਆ ਜਾਂਦਾ ਹੈ ਅਤੇ ਸ਼੍ਰੀਲੰਕਾ ਅਤੇ ਬਾਲੀ (ਇੰਡੋਨੇਸ਼ੀਆ) ਵਿੱਚ ਵੀ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ।