Punjab Weather Update: ਪੰਜਾਬ 'ਚ ਮਿਲੀ ਗਰਮੀ ਤੋਂ ਰਾਹਤ, ਸੂਬੇ 'ਚ ਪਹੁੰਚਿਆ ਮਾਨਸੂਨ, ਮੀਂਹ ਨਾਲ ਖਿੜੇ ਕਿਸਾਨਾਂ ਦੇ ਚੇਹਰੇ
Punjab Weather: ਵੀਰਵਾਰ ਨੂੰ ਪੰਜਾਬ (Punjab) ਦੇ ਕੁਝ ਹਿੱਸਿਆਂ ਵਿੱਚ ਮਾਨਸੂਨ (Monsoon) ਪਹੁੰਚ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਸ਼ੁੱਕਰਵਾਰ ਤੱਕ ਇਹ ਪੂਰੇ ਸੂਬੇ ਨੂੰ ਕਵਰ ਕਰ ਲਵੇਗਾ। ਅਜਿਹੇ 'ਚ ਆਉਣ ਵਾਲੇ ਦਿਨਾਂ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਸਮੇਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਦਾ ਇਹ ਸਿਲਸਿਲਾ 6 ਜੁਲਾਈ ਤੱਕ ਜਾਰੀ ਰਹੇਗਾ। ਇਸ ਦੌਰਾਨ ਗਰਮੀ ਤੋਂ ਵੀ ਰਾਹਤ ਮਿਲੀ ਹੈ।
ਦੱਖਣੀ ਮਾਲਵੇ ਦੇ ਅਰਧ-ਸੁੱਕੇ ਖੇਤਰ ਵਿੱਚ ਵੀਰਵਾਰ ਰਾਤ ਨੂੰ ਹੋਈ ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਕਪਾਹ ਦੇ ਕਿਸਾਨਾਂ ਨੂੰ ਘਾਤਕ ਚਿੱਟੀ ਮੱਖੀ ਤੋਂ ਰਾਹਤ ਦਿੱਤੀ ਹੈ। ਇਸ ਦੇ ਨਾਲ ਹੀ ਮਾਨਸੂਨ ਨੇ ਸ਼ਹਿਰੀ ਖੇਤਰਾਂ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਦੀ ਖ਼ਰਾਬ ਤਿਆਰੀ ਦੀ ਵੀ ਪੋਲ ਖੋਲ੍ਹ ਦਿੱਤੀ ਹੈ। ਬਠਿੰਡਾ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਗੋਡੇ-ਗੋਡੇ ਪਾਣੀ ਭਰ ਗਿਆ ਹੈ।
ਦਰਅਸਲ, ਬਠਿੰਡਾ ਦੇ ਨੀਵੇਂ ਇਲਾਕੇ ਜਿਵੇਂ ਪਾਵਰ ਹਾਊਸ ਰੋਡ ਅਤੇ ਸੀਕਰੀ ਬਜ਼ਾਰ 'ਚ ਜ਼ਿਆਦਾ ਪਾਣੀ ਭਰ ਗਿਆ ਹੈ। ਸ਼ਹਿਰ ਵਿੱਚ ਕੋਈ ਜਲ ਨਿਕਾਸੀ ਨੈੱਟਵਰਕ ਨਹੀਂ ਹੈ, ਇਸ ਲਈ ਬਰਸਾਤੀ ਪਾਣੀ ਨੂੰ ਕੱਢਣ ਲਈ ਸੀਵਰੇਜ ਲਾਈਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਦੂਜੇ ਪਾਸੇ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਮੀਂਹ ਕਪਾਹ ਅਤੇ ਝੋਨੇ ਦੀ ਫ਼ਸਲ ਲਈ ਲਾਹੇਵੰਦ ਹੈ, ਜਦਕਿ ਕਿੰਨੂ ਬਾਗਬਾਨ ਜੋ ਇਸ ਸਾਲ ਸਿੰਚਾਈ ਦੇ ਗੰਭੀਰ ਸੰਕਟ ਨਾਲ ਜੂਝ ਰਹੇ ਸੀ , ਉਨ੍ਹਾਂ ਨੂੰ ਵੀ ਫਾਇਦਾ ਹੋਵੇਗਾ।
ਲੁਧਿਆਣਾ ਮੌਸਮ
ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 31 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇੱਥੇ ਵੀ ਆਸਮਾਨ ਬੱਦਲਵਾਈ ਰਹੇਗੀ। ਹਵਾ ਗੁਣਵੱਤਾ ਸੂਚਕਾਂਕ ‘ਦਰਮਿਆਨੀ’ ਸ਼੍ਰੇਣੀ ਵਿੱਚ 179 ਹੈ। ਰਾਜ ਦੇ ਖੇਤੀਬਾੜੀ ਅਧਿਕਾਰੀਆਂ ਨੇ ਕਿਹਾ ਕਿ ਕਪਾਹ ਉਤਪਾਦਕ ਖੇਤਰ ਬਾਰਸ਼ ਦੀ ਘਾਟ ਕਾਰਨ ਸੱਤ ਸਾਲਾਂ ਬਾਅਦ ਚਿੱਟੀ ਮੱਖੀ ਦੇ ਹਮਲੇ ਦੇ ਖ਼ਤਰੇ ਨਾਲ ਜੂਝ ਰਿਹਾ ਹੈ।