ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ/ਨਵੀਂ ਦਿੱਲੀ: ਲੌਕਡਾਊਨ ਦੌਰਾਨ ਕਰੀਬ ਦੋ ਮਹੀਨੇ ਤਕ ਬੰਦ ਰਹਿਣ ਤੋਂ ਬਾਅਦ ਅੱਜ ਤੋਂ ਦੇਸ਼ 'ਚ ਸ਼ੌਪਿੰਗ ਮੌਲ, ਧਾਰਮਿਕ ਸਥਾਨ, ਹੋਟਲ ਤੇ ਰੈਸਟੋਰੈਂਟ ਮੁੜ ਤੋਂ ਖੁੱਲ੍ਹ ਗਏ ਹਨ। ਇਨ੍ਹਾਂ 'ਚ ਨਵੇਂ ਨਿਯਮਾਂ ਤਹਿਤ ਦਾਖ਼ਲੇ ਲਈ ਟੋਕਨ ਸਿਸਟਮ ਲਾਗੂ ਹੋਵੇਗਾ।


ਅਨਲੌਕ 1 ਦੇ ਪਹਿਲੇ ਗੇੜ 'ਚ ਅੱਜ ਤੋਂ ਧਾਰਮਿਕ ਸਥਾਨ ਤੇ ਜਨਤਕ ਪੂਜਾ ਸਥਾਨ, ਹੋਟਲ, ਰੈਸਟੋਰੈਂਟ ਤੇ ਸ਼ੌਪਿੰਗ ਮੌਲ ਖੋਲ੍ਹੇ ਜਾ ਸਕਣਗੇ। ਹਾਲਾਂਕਿ ਹਰ ਸੂਬੇ ਨੇ ਇੱਥੇ ਸਥਿਤੀ ਦੇ ਹਿਸਾਬ ਨਾਲ ਇਜਾਜ਼ਤ ਦਿੱਤੀ ਹੈ।


ਵੱਖ-ਵੱਖ ਸੂਬਿਆਂ ਦੇ ਨਿਯਮ:


ਪੰਜਾਬ: ਹੋਟਲ ਤੇ ਰੈਸਟੋਰੈਂਟ ਖੁੱਲ੍ਹਣਗੇ ਪਰ ਡਾਇਨਿੰਗ ਨਹੀਂ ਹੋਵੇਗੀ। ਸਿਰਫ਼ ਟੇਕਅਵੇ ਦੀ ਸੁਵਿਧਾ ਹੋਵੇਗੀ। ਹੋਟਲ 'ਚ ਵੀ ਗੈਸਟ ਨੂੰ ਰੂਮ ਸਰਵਿਸ ਤਹਿਤ ਖਾਣਾ ਪਰੋਸਿਆ ਜਾਵੇਗਾ। ਧਾਰਮਿਕ ਸਥਾਨ ਸਵੇਰ 5 ਵਜੇ ਤੋਂ ਸ਼ਾਮ 8 ਵਜੇ ਤਕ ਖੁੱਲ੍ਹਣਗੇ। ਇੱਕ ਵੇਲੇ 20 ਤੋਂ ਜ਼ਿਆਦਾ ਸ਼ਰਧਾਲੂ ਦਰਸ਼ਨ ਲਈ ਇਕੱਠੇ ਨਹੀਂ ਹੋਣਗੇ। cova ਐਪ ਬਿਨਾਂ ਪੰਜਾਬ ਦੇ ਮੌਲ 'ਚ ਐਂਟਰੀ ਨਹੀਂ। ਮੌਲ 'ਚ ਟੋਕਨ ਸਿਸਟਮ ਲਾਗੂ ਹੋਵੇਗਾ।


ਦਿੱਲੀ: ਧਾਰਮਿਕ ਸਥਾਨ, ਮੌਲ, ਰੈਸਟੋਰੈਂਟ ਖੁੱਲ੍ਹਣਗੇ। ਹੋਟਲ ਤੇ ਬੈਂਕੁਇਟ ਹਾਲ ਨਹੀਂ ਖੁੱਲ੍ਹਣਗੇ। ਇਸ ਪਿੱਛੇ ਤਰਕ ਇਹ ਹੈ ਕਿ ਕੋਰੋਨਾ ਦੇ ਵਧਣ 'ਤੇ ਆਉਣ ਵਾਲੇ ਸਮੇਂ 'ਚ ਹੋਟਲ ਤੇ ਬੈਂਕੁਇਟ ਹਾਲ ਨੂੰ ਹਸਪਤਾਲ ਦੇ ਨਾਲ ਅਟੈਚ ਕਰਨਾ ਪੈ ਸਕਦਾ ਹੈ ਜਾਂ ਆਈਸੋਲੇਸ਼ਨ ਬੈੱਡ ਲਾਉਣ ਲਈ ਜ਼ਰੂਰਤ ਪੈ ਸਕਦੀ ਹੈ।


ਮਹਾਰਾਸ਼ਟਰ: ਸੂਬੇ 'ਚ Mission Begin Again ਫੇਜ਼ 3 ਦੀ ਸ਼ੁਰੂਆਤ ਅੱਜ ਤੋਂ ਹੋਵੇਗੀ। ਸਾਰੇ ਪ੍ਰਾਈਵੇਟ ਦਫ਼ਤਰ ਅੱਜ ਤੋਂ ਖੁੱਲ੍ਹਣਗੇ ਪਰ ਇਨ੍ਹਾਂ ਪ੍ਰਾਈਵੇਟ ਦਫ਼ਤਰਾਂ 'ਚ 10 ਫੀਸਦ ਕਰਮਚਾਰੀਆਂ ਨਾਲ ਕੰਮ ਸ਼ੁਰੂ ਹੋਵੇਗਾ। ਬਾਕੀ ਕਰਮਚਾਰੀਆਂ ਨੂੰ ਘਰੋਂ ਹੀ ਕੰਮ ਕਰਨ ਲਈ ਕਿਹਾ ਗਿਆ ਹੈ। ਜ਼ਿਲ੍ਹੇ ਦੇ ਨੇੜੇ 50 ਫੀਸਦ ਪਰਵਾਸੀਆਂ ਨਾਲ ਬੱਸ ਚਲਾਉਣ ਦੀ ਇਜਾਜ਼ਤ ਹੈ। ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਤਕ ਬੱਸ ਨਹੀਂ ਚੱਲੇਗੀ। ਇੱਥੇ ਧਾਰਮਿਕ ਸਥਾਨ, ਮੌਲ, ਹੋਟਲ ਤੇ ਰੈਸਟੋਰੈਂਟ ਨਹੀਂ ਖੁੱਲ੍ਹਣਗੇ।


ਯੂਪੀ: ਇੱਥੇ ਅੱਜ ਧਾਰਮਿਕ ਸਥਾਨ, ਮੌਲ, ਹੋਟਲ ਤੇ ਰੈਸਟੋਰੈਂਟ ਖੋਲ੍ਹੇ ਜਾ ਸਕਣਗੇ। ਇਸ ਲਈ ਸਰਕਾਰ ਨੇ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।


ਧਾਰਮਿਕ ਸਥਾਨਾਂ ਲਈ: ਧਾਰਮਿਕ ਸਥਾਨ ਸਥਾਨਕ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਸਾਰੇ ਨਿਰਦੇਸ਼ਾਂ ਦਾ ਪਾਲਣ ਕਰਨਗੇ। ਧਾਰਮਿਕ ਸਥਾਨ 'ਚ ਇਕ ਵਾਰ 'ਚ ਪੰਜ ਤੋਂ ਜ਼ਿਆਦਾ ਲੋਕ ਇਕੱਠਾ ਨਹੀਂ ਹੋ ਸਕਦੇ। ਸੈਨੇਟਾਈਜ਼ਰ ਤੇ ਥਰਮਲ ਸਕੈਨਰ ਰੱਖਣਾ ਲਾਜ਼ਮੀ ਹੋਵੇਗਾ ਜਿਨ੍ਹਾਂ ਚ ਬਿਮਾਰੀ ਦਾ ਲੱਛਣ ਨਹੀਂ ਹੋਵੇਗਾ ਸਿਰਫ਼ ਉਨ੍ਹਾਂ ਨੂੰ ਦਾਖ਼ਲਾ ਮਿਲੇਗਾ। ਮਾਸਕ ਪਾਉਣਾ ਸਭ ਲਈ ਜ਼ਰੂਰੀ ਹੋਵੇਗਾ। ਮੂਰਤੀਆਂ ਨੂੰ ਛੂਹਣ ਦੀ ਆਗਿਆ ਨਹੀਂ ਹੋਵੇਗੀ। ਪ੍ਰਸਾਦ ਨਹੀਂ ਵੰਡਿਆ ਜਾਵੇਗਾ। ਸਮੂਹ ਸ਼ਬਦ ਗਾਇਨ ਦੀ ਥਾਂ ਰਿਕਾਰਡ ਚਲਾਇਆ ਜਾਵੇਗਾ।


ਸ਼ੌਪਿੰਗ ਮਾਲ, ਹੋਟਲ ਤੇ ਰੈਸਟੋਰੈਂਟ ਲਈ ਦਿਸ਼ਾ ਨਿਰਦੇਸ਼: ਸੀਸੀਟੀਵੀ ਕੰਮ ਕਰਨੇ ਚਾਹੀਦੇ ਹਨ। ਸਾਰਿਆਂ ਦੀ ਥਰਮਲ ਸਕੈਨਿੰਗ ਤੇ ਅਲਕੋਹਲ ਵਾਲਾ ਸੈਨੇਟਾਈਜ਼ਰ ਰੱਖਣਾ ਲਾਜ਼ਮੀ ਹੈ। ਕਿਸੇ ਬਿਰਧ, ਗਰਭਵਤੀ ਮਹਿਲਾ ਜਾਂ ਗੰਭੀਰ ਬਿਮਾਰੀ ਵਾਲੇ ਕਰਮਚਾਰੀ ਨੂੰ ਕੰਮ 'ਤੇ ਨਹੀਂ ਬੁਲਾਇਆ ਜਾ ਸਕੇਗਾ। ਹੋਟਲ ਜਾਂ ਰੈਸਟੋਰੈਂਟ 'ਚ ਭੀੜ ਵਾਲੇ ਪ੍ਰੋਗਰਾਮ ਨਹੀਂ ਕੀਤੇ ਜਾ ਸਕਦੇ। ਫੂਡ ਕੋਰਟ ਜਾਂ ਰੈਸਟੋਰੈਂਟ 'ਚ 50 ਫੀਸਦ ਸਮਰੱਥਾ 'ਚ ਹੀ ਗਾਹਕ ਬਿਠਾਏ ਜਾ ਸਕਦੇ ਹਨ। ਬਿੱਲ ਦੇਣ ਲਈ ਕੈਸ਼ਲੈੱਸ ਟ੍ਰਾਂਜੈਕਸ਼ਨ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਡਿਸਪੋਜ਼ੇਬਲ ਮੈਨਿਊ ਰੱਖਣਾ ਹੋਵੇਗਾ ਅਤੇ ਚੰਗੀ ਕੁਆਲਿਟੀ ਦਾ ਨੈਪਕਿਨ ਪੇਪਰ ਰੱਖਣਾ ਜ਼ਰੂਰੀ ਹੈ।


ਬਿਹਾਰ: ਕੇਂਦਰ ਵੱਲੋਂ ਜਾਰੀ ਹਿਦਾਇਤਾ ਦੀ ਤਰਜ਼ 'ਤੇ ਬਿਹਾਰ 'ਚ ਧਾਰਮਿਕ ਸਥਾਨ, ਮੌਲ, ਹੋਟਲ ਤੇ ਰੈਸਟੋਰੈਂਟ ਅੱਜ ਖੁੱਲ੍ਹ ਜਾਣਗੇ।


ਝਾਰਖੰਡ: ਸੂਬੇ 'ਚ ਧਾਰਮਿਕ ਸਥਾਨ, ਮੌਲ, ਹੋਟਲ, ਰੈਸਟੋਰੈਂਟ ਖੁੱਲ੍ਹਣ 'ਤੇ ਅਗਲੇ ਹੁਕਮਾਂ ਤਕ ਰੋਕ ਹੈ।


ਮੱਧ ਪ੍ਰਦੇਸ਼: ਸੂਬੇ 'ਚ ਧਾਰਮਿਕ ਸਥਾਨ, ਮੌਲ, ਹੋਟਲ, ਰੈਸਟੋਰੈਂਟ ਅੱਜ ਤੋਂ ਖੁੱਲ੍ਹਣਗੇ। ਹਾਲਾਂਕਿ ਰਾਜਧਾਨੀ ਭੋਪਾਲ 'ਚ ਧਾਰਮਿਕ ਸਥਾਨ ਨਹੀਂ ਖੁੱਲ੍ਹਣਗੇ। ਭੋਪਾਲ ਦੇ ਕਲੈਕਟਰ ਤਰੁਣ ਪਿਥੋੜੇ ਨੇ ਕਿਹਾ ਕਿ ਇਕ ਰੀਵੀਊ ਬੈਠਕ ਫਿਰ ਤੋਂ ਹੋਵੇਗੀ ਉਸ ਤੋਂ ਬਾਅਦ ਅਗਲੇ ਹਫ਼ਤੇ 'ਚ ਧਾਰਮਿਕ ਸਥਾਨ ਖੋਲ੍ਹੇ ਜਾ ਸਕਦੇ ਹਨ।


ਛੱਤੀਸਗੜ੍ਹ: ਸੂਬੇ 'ਚ ਜਨਤਕ ਪਾਰਕ ਖੁੱਲ੍ਹ ਸਕਣਗੇ। ਧਾਰਮਿਕ ਸਥਾਨ ਵੀ ਖੁੱਲ੍ਹਣ ਦੀ ਇਜਾਜ਼ਤ ਹੈ। ਕਲੱਬਾਂ 'ਚ ਸਿਰਫ਼ ਆਊਟਡੋਰ ਐਕਟੀਵਿਟੀ ਹੋ ਸਕੇਗੀ। ਸਪੋਰਟਿੰਗ ਕੰਪਲੈਕਸ ਤੇ ਸਟੇਡੀਅਮ 'ਚ ਸਿਰਫ਼ ਆਊਟਡੋਰ ਖੇਡ ਗਤੀਵਿਧੀਆਂ ਹੋ ਸਕਣਗੀਆਂ। ਸ਼ੌਪਿੰਗ ਮੌਲ ਨਹੀਂ ਖੁੱਲ੍ਹਣਗੇ। ਰੈਸਟੋਰੈਂਟ ਸਿਰਫ਼ ਟੇਕਅਵੇ ਦੀ ਸੁਵਿਧਾ ਦੇਣਗੇ। ਹੋਟਲ ਵੀ ਆਮ ਲੋਕਾਂ ਲਈ ਖੁੱਲ੍ਹਣਗੇ।


ਰਾਜਸਥਾਨ: ਸੂਬੇ 'ਚ ਅੱਜ ਤੋਂ ਹੋਟਲ, ਰੈਸਟੋਰੈਂਟ, ਮੌਰਲ ਅਤੇ ਕਲੱਬ ਖੁੱਲ੍ਹ ਸਕਣਗੇ। ਪਰ ਫਿਲਹਾਲ ਧਾਰਮਿਕ ਸਥਾਨ ਖੋਲ੍ਹਣ ਦਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ।


ਕਰਨਾਟਕ: ਸੂਬੇ 'ਚ ਧਾਰਮਿਕ ਸਥਾਨ, ਮੌਲ, ਹੋਟਲ, ਰੈਸਟੋਰੈਂਟ ਅੱਜ ਤੋਂ ਖੁੱਲ੍ਹ ਸਕਣਗੇ। ਹਾਲਾਂਕਿ ਚਰਚ 13 ਜੂਨ ਤੋਂ ਖੁੱਲ੍ਹਣਗੇ।


ਹਰਿਆਣਾ: ਗੁਰੂਗ੍ਰਾਮ ਤੇ ਫਰੀਦਾਬਾਦ ਜ਼ਿਲ੍ਹਿਆਂ ਨੂੰ ਛੱਡ ਕੇ ਅੱਜ ਤੋਂ ਪੂਰੇ ਸੂਬੇ 'ਚ ਪਾਬੰਦੀਆਂ ਤਹਿਤ ਧਾਰਮਿਕ ਸਥਾਨ, ਜਨਤਕ ਪੂਜਾ ਸਥਾਨ ਤੇ ਸ਼ੌਪਿੰਗ ਮੌਲ ਫਿਰ ਤੋਂ ਖੋਲ੍ਹਣ ਦੀ ਆਗਿਆ ਹੈ। ਉਪਰੋਕਟ ਦੋ ਜ਼ਿਲ੍ਹਿਆਂ 'ਚ ਪਿਛਲੇ ਦਸ ਦਿਨਾਂ ਦੌਰਾਨ ਰੋਜ਼ਾਨਾ ਪੱਧਰ 'ਤੇ ਵੱਡੀ ਸੰਖਿਆਂ 'ਚ ਪੌਜ਼ੇਟਿਵ ਮਾਮਲੇ ਆਏ ਹਨ। ਇਸ ਲਈ ਇੱਥੇ ਗਤੀਵਿਧੀਆਂ ਫਿਲਹਾਲ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਸੂਬੇ ਭਰ 'ਚ ਹੋਟਲ, ਰੈਸਟੋਰੈਂਟ ਖੋਲ੍ਹੇ ਜਾਣਗੇ। ਇਨ੍ਹਾਂ ਲਈ ਸਮਾਂ ਸਵੇਰ 9 ਵਜੇ ਤੋਂ ਰਾਤ 8 ਵਜੇ ਤਕ ਰਹੇਗਾ।



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ