ਪੰਜਾਬ ਵਿੱਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਕਾਰਨ ਇੱਕ ਖੋਜ 'ਚ ਵੱਡਾ ਖੁਲਾਸਾ ਹੋਇਆ ਹੈ। ਰਿਸਰਚ 'ਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਲਗਭਗ ਪੂਰੀ ਤਰ੍ਹਾਂ ਨਾਲ ਖ਼ਰਾਬ ਹੋ ਗਿਆ ਹੈ ਅਤੇ ਇਹ ਪਾਣੀ ਕੈਂਸਰ ਵਰਗੀਆਂ ਬਿਮਾਰੀਆਂ ਫੈਲਾ ਰਿਹਾ ਹੈ।
ਇਸ ਵਿੱਚ ਪੰਜਾਬ ਦਾ ਦੱਖਣੀ ਪੱਛਮੀ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ ਹੈ। ਇਹ ਇਲਾਕਾ ਮਾਲਵਾ ਖੇਤਰ ਵਿੱਚ ਪੈਦਾ ਹੈ। ਇਨ੍ਹਾਂ ਇਲਾਕਿਆਂ ਵਿਚ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਕਾਫੀ ਵਿਗੜ ਚੁੱਕੀ ਹੈ ਅਤੇ ਇਸ ਕਾਰਨ ਇਨ੍ਹਾਂ ਇਲਾਕਿਆਂ ਵਿਚ ਕੈਂਸਰ ਦੇ ਮਾਮਲੇ ਵੀ ਲਗਾਤਾਰ ਵਧ ਰਹੇ ਹਨ।
ਇਹ ਖੁਲਾਸਾ IIT ਮੰਡੀ ਦੇ ਖੋਜਕਰਤਾਵਾਂ ਨੇ ਕੀਤਾ ਹੈ। ਦੱਖਣ-ਪੱਛਮੀ ਪੰਜਾਬ ਦੇ ਸ਼ਹਿਰਾਂ ਦੇ ਧਰਤੀ ਹੇਠਲੇ ਪਾਣੀ ਵਿੱਚ ਕੈਂਸਰ ਫੈਲਾਉਣ ਵਾਲੇ ਤੱਤ ਪਾਏ ਗਏ ਹਨ, ਜਦੋਂ ਕਿ ਹੋਰ ਜ਼ਿਲ੍ਹਿਆਂ ਅਤੇ ਦਰਿਆਵਾਂ ਦੇ ਨਾਲ ਲੱਗਦੇ ਸ਼ਹਿਰਾਂ ਵਿੱਚ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਲਗਭਗ ਠੀਕ ਪਾਈ ਗਈ ਹੈ।
ਇਸ IIT ਖੋਜ ਦਾ ਉਦੇਸ਼ 2000 ਤੋਂ 2020 ਤੱਕ ਪੰਜਾਬ ਰਾਜ ਵਿੱਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਵਿੱਚ ਤਬਦੀਲੀਆਂ ਨੂੰ ਟਰੈਕ ਕਰਨਾ, ਨਾਈਟ੍ਰੇਟ ਅਤੇ ਫਲੋਰਾਈਡ ਨਾਲ ਭਰਪੂਰ ਪਾਣੀ ਦੀ ਖਪਤ ਨਾਲ ਜੁੜੇ ਸਿਹਤ ਖਤਰਿਆਂ ਦਾ ਮੁਲਾਂਕਣ ਕਰਨਾ ਅਤੇ ਧਰਤੀ ਹੇਠਲੇ ਪਾਣੀ ਦੀ ਮਾੜੀ ਗੁਣਵੱਤਾ ਵਾਲੇ ਖੇਤਰਾਂ ਦੀ ਪਛਾਣ ਕਰਨਾ ਸੀ।
ਖੋਜ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ ਦੀ 94 ਫੀਸਦੀ ਆਬਾਦੀ ਪੀਣ ਵਾਲੇ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਧਰਤੀ ਹੇਠਲੇ ਪਾਣੀ 'ਤੇ ਨਿਰਭਰ ਹੈ। ਇਸ ਲਈ ਧਰਤੀ ਹੇਠਲੇ ਪਾਣੀ ਦੇ ਪ੍ਰਦੂਸ਼ਿਤ ਹੋਣ ਨਾਲ ਸਿਹਤ ਸਬੰਧੀ ਗੰਭੀਰ ਸਮੱਸਿਆਵਾਂ ਪੈਦਾ ਹੋ ਗਈਆਂ ਹਨ।
ਇਸ ਅਧਿਐਨ ਬਾਰੇ, ਡਾ. ਡੀ.ਪੀ. ਸ਼ੁਕਲਾ, ਐਸੋਸੀਏਟ ਪ੍ਰੋਫੈਸਰ, ਸਕੂਲ ਆਫ਼ ਸਿਵਲ ਐਂਡ ਐਨਵਾਇਰਮੈਂਟਲ ਇੰਜਨੀਅਰਿੰਗ, ਆਈਆਈਟੀ ਮੰਡੀ ਨੇ ਕਿਹਾ ਕਿ ਸਾਡਾ ਉਦੇਸ਼ ਇਹ ਮੁਲਾਂਕਣ ਕਰਨਾ ਸੀ ਕਿ 2000 ਤੋਂ 2020 ਤੱਕ ਵੱਖ-ਵੱਖ ਥਾਵਾਂ 'ਤੇ ਪੀਣ ਵਾਲੇ ਪਾਣੀ ਲਈ ਜ਼ਮੀਨੀ ਪਾਣੀ ਦੀ ਗੁਣਵੱਤਾ ਕਿਵੇਂ ਬਦਲੀ ਹੈ। ਇਸ ਵਿਆਪਕ ਖੋਜ ਦੇ ਨਤੀਜੇ ਐਨਵਾਇਰਮੈਂਟਲ ਸਾਇੰਸ ਐਂਡ ਪੋਲਿਊਸ਼ਨ ਰਿਸਰਚ ਜਰਨਲ ਵਿੱਚ ਪ੍ਰਕਾਸ਼ਿਤ ਹੋਏ ਹਨ।
ਅਧਿਐਨ ਵਿੱਚ ਪੰਜਾਬ ਵਿੱਚ 315 ਤੋਂ ਵੱਧ ਸਥਾਨਾਂ ਤੋਂ pH, ਇਲੈਕਟ੍ਰੀਕਲ ਕੰਡਕਟੀਵਿਟੀ (EC) ਅਤੇ ਵੱਖ-ਵੱਖ ਆਇਨਾਂ ਦੇ ਮਾਪ ਸ਼ਾਮਲ ਹਨ। ਇਹ ਨਤੀਜੇ ਇੱਕ ਚਿੰਤਾਜਨਕ ਸਥਿਤੀ ਨੂੰ ਪ੍ਰਗਟ ਕਰਦੇ ਹਨ ਕਿ ਪੰਜਾਬ ਦੇ ਦੱਖਣ-ਪੱਛਮੀ ਖੇਤਰ ਵਿੱਚ ਪਾਣੀ ਦੀ ਗੁਣਵੱਤਾ ਕਾਫ਼ੀ ਵਿਗੜ ਗਈ ਹੈ, ਜਿਸ ਨਾਲ ਵਸਨੀਕਾਂ ਦੀ ਸਿਹਤ 'ਤੇ ਮਾੜਾ ਅਸਰ ਪੈ ਰਿਹਾ ਹੈ।