Gurdaspur News: ਗੁਰਦਾਸਪੁਰ ਸ਼ਹਿਰ ਅੰਦਰ ਚੋਰਾਂ ਤੇ ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਦਿਨ-ਦਿਹਾੜੇ ਜੱਟਾਂ ਵਾਲੀ ਬੰਬੀ ਨੇੜੇ ਪੰਜਾਬ ਪੁਲਿਸ ਦੇ ਸਾਬਕਾ ਏਐਸਆਈ ਦੇ ਘਰ ਅੰਦਰ ਵੜ ਕੇ ਉਨ੍ਹਾਂ ਕੋਲੋਂ ਪਿਸਤੌਲ ਦੀ ਨੋਕ ਉਪਰ ਗਹਿਣਿਆਂ ਦੀ ਲੁੱਟ ਕੀਤੀ ਹੈ। ਮੋਟਰਸਾਈਕਲ ਸਵਾਰ ਲੁਟੇਰੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਏ ਹਨ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲਿਆ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। 


ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਦੇ ਸਾਬਕਾ ਏਐਸਆਈ ਜਸਬੀਰ ਸਿੰਘ ਤੇ ਉਨ੍ਹਾਂ ਦੀ ਪਤਨੀ ਦਲਬੀਰ ਕੌਰ ਨੇ ਦੱਸਿਆ ਕੀ ਉਹ ਦੁਪਹਿਰ ਨੂੰ ਘਰ ਵਿੱਚ ਆਰਾਮ ਕਰ ਰਹੇ ਸਨ। ਘਰ ਵਿੱਚ ਉਨ੍ਹਾਂ ਦੀ ਗੁਆਂਢਣ ਰੀਟਾ ਵੀ ਮੌਜੂਦ ਸੀ। ਇਸ ਦੌਰਾਨ ਦੋ ਨੌਜਵਾਨ ਜਿਨ੍ਹਾਂ ਨੇ ਕੱਪੜੇ ਨਾਲ ਆਪਣੇ ਮੂੰਹ ਬੰਨ੍ਹੇ ਹੋਏ ਸਨ, ਘਰ ਦੇ ਅੰਦਰ ਦਾਖਲ ਹੋਏ ਤੇ ਆਉਂਦਿਆਂ ਹੀ ਉਨ੍ਹਾਂ ਨੂੰ ਧਮਕਾਉਣ ਲੱਗ ਪਏ।


ਇੱਕ ਨੌਜਵਾਨ ਨੇ ਪਿਸਤੌਲ ਤੇ ਦੂਜੇ ਨੇ ਕਿਰਚ ਕੱਢ ਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ। ਪਿਸਤੌਲ ਦਿਖਾ ਕੇ ਉਨ੍ਹਾਂ ਦੇ ਕੋਲੋਂ ਪਹਿਨੇ ਹੋਏ ਗਹਿਣਿਆਂ ਦੀ ਮੰਗ ਕੀਤੀ। ਉਨ੍ਹਾਂ ਨੇ ਪਿਸਤੌਲ ਤੋਂ ਡਰਦੇ ਹੋਏ ਆਪਣੇ ਗਹਿਣੇ ਉਤਾਰ ਕੇ ਦੇ ਦਿੱਤੇ। ਇਸ ਦੌਰਾਨ ਜਦੋਂ ਸਾਬਕਾ ਏਐਸਆਈ ਜਸਬੀਰ ਸਿੰਘ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਧੱਕਾ ਮਾਰ ਕੇ ਸੁੱਟ ਦਿੱਤਾ ਤੇ ਕੱਪੜੇ ਨਾਲ ਹੱਥ ਬੰਨ੍ਹ ਦਿੱਤੇ। ਉਨ੍ਹਾਂ ਕੋਲੋਂ ਵੀ ਕੜਾ ਤੇ ਸੋਨੇ ਦੀ ਛਾਪ ਲਵਾ ਲਈ।


ਦਲਬੀਰ ਕੌਰ ਕੋਲੋਂ ਕੰਨਾਂ ਦੀਆਂ ਵਾਲੀਆਂ ਤੇ ਹੱਥਾਂ ਦੀਆਂ ਚੂੜੀਆਂ ਤੇ ਗੁਆਂਢਣ ਰੀਟਾ ਕੋਲੋਂ ਵੀ ਕੰਨਾਂ ਦੀਆਂ ਵਾਲੀਆਂ ਲਵਾ ਲਈਆਂ ਤੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਲੁਟੇਰੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਏ ਹਨ। ਉਨ੍ਹਾਂ ਕਿਹਾ ਕਿ ਲੁਟੇਰੇ 6 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਲੈਕੇ ਫਰਾਰ ਹੋ ਗਏ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ।