ਜਲੰਧਰ : ਜਲੰਧਰ ਸ਼ਹਿਰ ਵਿੱਚ ਵੀਰਵਾਰ ਨੂੰ ਦਿਨ ਦਿਹਾੜੇ ਇੱਕ ਬੈਂਕ ਵਿੱਚੋਂ 13 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਜਲੰਧਰ ਦੇ ਸਨਅਤੀ ਖੇਤਰ ਸੋਢਲ ਰੋਡ 'ਤੇ ਸਥਿਤ ਯੂਕੋ ਬੈਂਕ 'ਚ ਵਾਪਰੀ। ਇੱਥੇ ਦੁਪਹਿਰ ਸਮੇਂ 3 ਨੌਜਵਾਨ ਹਥਿਆਰਾਂ ਨਾਲ ਬੈਂਕ ਅੰਦਰ ਦਾਖਲ ਹੋਏ ਅਤੇ ਬੈਂਕ ਵਿੱਚ ਮੌਜੂਦ ਮੁਲਾਜ਼ਮਾਂ ਅਤੇ ਲੋਕਾਂ ਨੂੰ ਬੰਧਕ ਬਣਾ ਕੇ ਲੁੱਟ-ਖੋਹ ਕਰਕੇ ਫਰਾਰ ਹੋ ਗਏ।
ਬੈਂਕ ਮੁਲਾਜ਼ਮਾਂ ਨੇ ਦੱਸਿਆ ਕਿ 3 ਲੁਟੇਰਿਆਂ 'ਚੋਂ 2 ਕੋਲ ਪਿਸਤੌਲ ਸਨ। ਬਰਾਂਚ 'ਚ ਰੱਖੀ 13 ਲੱਖ ਰੁਪਏ ਦੀ ਨਕਦੀ ਤੋਂ ਇਲਾਵਾ ਉਨ੍ਹਾਂ ਨੇ ਉਥੇ ਆਏ ਲੋਕਾਂ ਦੇ ਸੋਨੇ-ਚਾਂਦੀ ਦੇ ਗਹਿਣੇ ਵੀ ਲਾਹ ਲਏ। ਬੈਂਕ ਸਟਾਫ ਨੇ ਦੱਸਿਆ ਕਿ ਲੁਟੇਰਿਆਂ ਨੇ ਪਿਸਤੌਲ ਤਾਣ ਕੇ ਲੋਕਾਂ ਨੂੰ ਗਹਿਣੇ ਉਤਾਰਨ ਲਈ ਕਿਹਾ। ਲੁਟੇਰਿਆਂ ਨੇ ਬੈਂਕ 'ਚ ਮੌਜੂਦ ਔਰਤ ਦੀ ਸੋਨੇ ਦੀ ਚੇਨ, ਬਰੇਸਲੇਟ ਅਤੇ ਅੰਗੂਠੀ ਖੋਹ ਲਈ। ਸਾਰੇ ਲੁਟੇਰਿਆਂ ਨੇ ਮੂੰਹ 'ਤੇ ਮਾਸਕ ਲਗਾ ਰੱਖੇ ਸੀ।
ਲੁਟੇਰੇ ਨੇ ਕੈਸ਼ੀਅਰ ਦੇ ਕੈਬਿਨ ਤੱਕ ਪਹੁੰਚਣ ਲਈ ਉੱਥੇ ਲੱਗੇ ਸ਼ੀਸ਼ੇ ਤੋੜ ਦਿੱਤੇ। ਇਸ ਤੋਂ ਬਾਅਦ ਉਹ ਬੈਂਕ ਕੈਸ਼ੀਅਰ ਦੇ ਕੈਬਿਨ 'ਚ ਦਾਖਲ ਹੋ ਗਿਆ। ਉਸ ਨੇ ਉੱਥੇ ਰੱਖੀ ਸਾਰੀ ਨਕਦੀ ਇੱਕ ਬੈਗ ਵਿੱਚ ਪਾ ਕੇ ਲੈ ਗਏ। ਪੁਲਿਸ ਨੇ ਬੈਂਕ ਵਿੱਚ ਫੋਰੈਂਸਿਕ ਟੀਮ ਨੂੰ ਵੀ ਬੁਲਾ ਲਿਆ ਹੈ। ਫੋਰੈਂਸਿਕ ਟੀਮ ਬਾਇਓਮੈਟ੍ਰਿਕ ਸਕੈਨਰ ਦੀ ਮਦਦ ਨਾਲ ਸ਼ੀਸ਼ੇ 'ਤੇ ਲੁਟੇਰਿਆਂ ਦੇ ਉਂਗਲਾਂ ਦੇ ਨਿਸ਼ਾਨਾਂ ਦੀ ਜਾਂਚ ਕਰ ਰਹੀ ਹੈ।
ਤਿੰਨ ਲੁਟੇਰੇ ਬੈਂਕ ਅੰਦਰ ਦਾਖਲ ਹੋਏ ਸਨ। ਤਿੰਨੋਂ ਪੂਰੀ ਯੋਜਨਾ ਬਣਾ ਕੇ ਆਏ ਸਨ। ਤਿੰਨਾਂ ਵਿੱਚੋਂ ਦੋ ਦੇ ਹੱਥਾਂ ਵਿੱਚ ਪਿਸਤੌਲ ਸਨ। ਇਨ੍ਹਾਂ 'ਚੋਂ ਇਕ ਵਿਅਕਤੀ ਲੋਕਾਂ ਨੂੰ ਇਕ ਥਾਂ 'ਤੇ ਇਕੱਠੇ ਕਰਕੇ ਬੰਧਕ ਬਣਾਉਣ ਦਾ ਕੰਮ ਕਰ ਰਿਹਾ ਸੀ। ਜਦੋਂ ਕਿ ਦੋ ਲੁਟੇਰਿਆਂ ਵਿੱਚੋਂ ਇੱਕ ਨੇ ਨਗਦੀ ਲੁੱਟ ਲਈ ਜਦਕਿ ਦੂਜਾ ਔਰਤਾਂ ਤੋਂ ਗਹਿਣੇ ਖੋਹ ਕੇ ਫ਼ਰਾਰ ਹੋ ਗਿਆ।
ਬੈਂਕ ਲੁੱਟਣ ਤੋਂ ਪਹਿਲਾਂ ਲੁਟੇਰਿਆਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਨੂੰ ਪਤਾ ਸੀ ਕਿ ਬੈਂਕ ਵਿੱਚ ਸੁਰੱਖਿਆ ਕਰਮਚਾਰੀ ਨਹੀਂ ਹਨ। ਲੁੱਟ ਦੌਰਾਨ ਦੋ ਲੁਟੇਰੇ ਬਾਹਰੋਂ ਬੈਂਕ ਅੰਦਰ ਦਾਖਲ ਹੋਏ। ਚਸ਼ਮਦੀਦਾਂ ਅਨੁਸਾਰ ਲੁਟੇਰਿਆਂ ਦਾ ਇੱਕ ਸਾਥੀ ਪਹਿਲਾਂ ਹੀ ਬੈਂਕ ਵਿੱਚ ਮੌਜੂਦ ਸੀ। ਉਸ ਨੇ ਆਪਣੇ ਲੁਟੇਰੇ ਸਾਥੀਆਂ ਨੂੰ ਸੂਚਨਾ ਦਿੱਤੀ ,ਜਿਸ ਤੋਂ ਬਾਅਦ ਉਹ ਬੈਂਕ ਅੰਦਰ ਦਾਖਲ ਹੋ ਗਿਆ। ਬੈਂਕ ਵਿੱਚ ਪਹਿਲਾਂ ਤੋਂ ਮੌਜੂਦ ਲੁਟੇਰੇ ਕੈਸ਼ ਕਾਊਂਟਰ ਦੀ ਲਾਈਨ ਵਿੱਚ ਖੜ੍ਹੇ ਹੋ ਕੇ ਰੇਕੀ ਕਰਦੇ ਰਹੇ।