Gurdaspur News : ਬਿਆਸ ਦਰਿਆ ਦੇ ਹੜ੍ਹ ਦਾ ਪਾਣੀ ਦੇਖਣ ਗਏ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨੇੜਲੇ ਪਿੰਡ ਧੀਰੋਵਾਲ ਦੇ 2 ਬੱਚਿਆਂ ਦੀ ਪਾਣੀ ਵਿੱਚ ਡੁੱਬਣ ਕਾਰਨ ਬੀਤੇ ਦਿਨੀ ਮੌਤ ਹੋ ਗਈ ਸੀ। ਅੱਜ ਪੰਜਾਬ ਸਰਕਾਰ ਵਲੋਂ ਪੀੜਤ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੁੰਦਿਆਂ ਵਿਧਾਇਕ ਐਡਵੈਕੈਟ ਅਮਰਪਾਲ ਸਿੰਘ ਅਤੇ ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ ਵਲੋਂ ਦੋਨਾਂ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ 4-4 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇ ਚੈਂਕ ਦਿੱਤੇ ਗਏ। ਇਸ ਮੌਕੇ ਨਿਰਮਲ ਸਿੰਘ ਨਾਇਬ ਤਹਿਸੀਲਦਾਰ ਵੀ ਮੋਜੂਦ ਸਨ।



ਇਸ ਮੌਕੇ ਪੀੜਤ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੁੰਦਿਆਂ ਵਿਧਾਇਕ ਐਡਵੋਕੈਟ ਅਮਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪੀੜਤ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਉਨਾਂ ਨਾਲ ਖੜ੍ਹੀ ਹੈ। ਉਨਾਂ ਕਿਹਾ ਕਿ ਪੀੜਤ ਪਰਿਵਾਰ ਦੇ ਇਸ ਘਾਟੇ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਸੂਬਾ ਸਰਕਾਰ ਪਰਿਵਾਰ ਨਾਲ ਖੜ੍ਹੀ ਹੈ ਅਤੇ ਅੱਜ ਪੀੜਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦਿੱਤੀ ਗਈ ਹੈ।

ਇਸ ਮੌਕੇ ਐਸ.ਡੀ.ਐਮ ਡਾ. ਸ਼ਾਇਰੀ ਭੰਡਾਰੀ ਨੇ ਵਾਪਰੀ ਮੰਦਭਾਗੀ ਘਟਨਾ ਤੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਅਤੇ ਨੌਜਵਾਨਾਂ ਨੂੰ ਹੜ੍ਹਾਂ ਦੇ ਪਾਣੀ ਵੱਲ ਬਿਲਕੁਲ ਨਾ ਜਾਣ ਦੇਣ। ਉਨ੍ਹਾਂ ਕਿਹਾ ਕਿ ਹੜ੍ਹ ਦੇ ਪਾਣੀ ਵੱਲ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਹੈ ਇਸ ਲਈ ਇਸ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ।

ਇਹ ਮੰਦਭਾਗੀ ਘਟਨਾ ਬੀਤੇ ਦਿਨੀ ਵਾਪਰੀ। ਜਦ 14 ਸਾਲਾ ਜਸਕਰਨ ਸਿੰਘ ਕਰਨ ਪੁੱਤਰ ਬਲਦੇਵ ਸਿੰਘ ਅਤੇ 13 ਸਾਲਾ ਦਿਲਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਜੋ ਪਿੰਡ ਧੀਰੋਵਾਲ ਦੇ ਰਹਿਣ ਵਾਲੇ ਸਨ, ਇਹ ਦੋਵੇਂ ਜਾਣੇ ਸਾਈਕਲ ’ਤੇ ਆਪਣੇ ਘਰੋਂ ਪਿੰਡ ਧੀਰੋਵਾਲ ਦੇ ਨਜ਼ਦੀਕ ਖੇਤਾਂ ਵਿੱਚ ਆਏ ਦਰਿਆ ਬਿਆਸ ਦੇ ਪਾਣੀ ਨੂੰ ਦੇਖਣ ਗਏ ਸਨ। 


 

ਜਦੋਂ ਦੇਰ ਸ਼ਾਮ ਤੱਕ ਇਹ ਦੋਵੇਂ ਘਰ ਨਾ ਆਏ ਤਾਂ ਪਰਿਵਾਰਕ ਮੈਂਬਰਾਂ ਨੇ ਇਨ੍ਹਾਂ ਦੀ ਭਾਲ ਸ਼ੁਰੂ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੂੰ ਪਿੰਡ ਧੀਰੋਵਾਲ ਦੇ ਨਜ਼ਦੀਕ ਨੀਵੇਂ ਇਲਾਕੇ ਦੇ ਖੇਤਾਂ ਕਿਨਾਰੇ ਸਾਈਕਲ ਅਤੇ ਬੱਚਿਆਂ ਦੀ ਚੱਪਲਾਂ ਦਿਖਾਈ ਦਿੱਤੀਆਂ ਤਾਂ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਓਥੇ ਸਰਚ ਅਭਿਆਨ ਚਲਾਇਆ ਗਿਆ। ਜਦੋਂ ਗੋਤਾਖੋਰਾਂ ਨੇ ਖੇਤ ਵਿੱਚ ਖੜ੍ਹੇ ਪਾਣੀ ਵਿੱਚ ਗੋਤਾ ਲਗਾਇਆ ਤਾਂ ਇਨ੍ਹਾਂ ਦੋਵਾਂ ਬੱਚਿਆਂ ਦੀਆਂ ਲਾਸ਼ਾ ਬਰਾਮਦ ਹੋਈਆਂ ਸਨ।