ਚੰਡੀਗੜ੍ਹ: ਲੋਕ ਸਭਾ ਚੋਣਾਂ ਦੌਰਾਨ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਬਰਖਾਸਤਗੀ ਵੱਡਾ ਮੁੱਦਾ ਬਣਦੀ ਜਾ ਰਹੀ ਹੈ। ਵਿਰੋਧੀ ਭਾਰਤ ਭੂਸ਼ਨ ਆਸ਼ੂ ਦਾ ਮੁੱਦਾ ਉਭਾਰ ਕੇ ਕਾਂਗਰਸ ਲਈ ਪੁਆੜਾ ਖੜ੍ਹਾ ਕਰ ਰਹੀਆਂ ਹਨ। ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਖਹਿਰਾ ਵੱਲੋਂ ਝੰਡਾ ਚੁੱਕਣ ਮਗਰੋਂ ਆਮ ਆਦਮੀ ਪਾਰਟੀ ਵੀ ਮੰਤਰੀ ਖਿਲਾਫ ਡਟ ਗਈ ਹੈ। ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਹ ਭ੍ਰਿਸ਼ਟਾਚਾਰ ਵਿੱਚ ਘਿਰੇ ਮੰਤਰੀ ਉੱਤੇ ਕੋਈ ਕਾਰਵਾਈ ਨਹੀਂ ਕਰਦੇ ਤਾਂ ਸੂਬੇ ਭਰ ਵਿੱਚ ਧਰਨੇ ਦਿੱਤੇ ਜਾਣਗੇ।
ਆਮ ਆਦਮੀ ਪਾਰਟੀ ਨੇ ਕਰੋੜਾਂ ਰੁਪਏ ਦੇ ਲੁਧਿਆਣਾ ਲੈਂਡ ਸਕੈਮ ਵਿੱਚ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਸ਼ਮੂਲੀਅਤ ਨੂੰ ਲੈ ਕੇ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਉਪ ਨੇਤਾ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਲੁਧਿਆਣਾ ਵਿੱਚ ਹੋਏ ਗਰੈਂਡ ਮੈਨਰ ਹੋਮ ਲੈਂਡ ਸਕੈਮ ਵਿੱਚ ਕੈਬਨਿਟ ਮੰਤਰੀ ਆਸ਼ੂ ਦੀ ਸਿੱਧੀ ਸ਼ਮੂਲੀਅਤ ਜ਼ਾਹਿਰ ਹੋਈ ਹੈ। ਇਸ ਮਗਰੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕਰਵਾਈ ਗਈ ਜਾਂਚ ਪੜਤਾਲ ਵਿੱਚ ਵੀ ਆਸ਼ੂ ਦੀ ਸ਼ਮੂਲੀਅਤ ਸਾਹਮਣੇ ਆਈ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵੀ ਜ਼ੋਰ-ਸ਼ੋਰ ਨਾਲ ਚੁੱਕਦਿਆਂ ਆਸ਼ੂ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ ਪਰ ਸਰਕਾਰ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਸਬੂਤਾਂ ਦੇ ਬਾਵਜੂਦ ਵੀ ਆਸ਼ੂ ਖ਼ਿਲਾਫ਼ ਕਾਰਵਾਈ ਨਾ ਕਰਨਾ ਸਰਕਾਰ ਦੀ ਭ੍ਰਿਸ਼ਟਾਚਾਰੀਆਂ ਨਾਲ ਮਿਲੀਭੁਗਤ ਦਾ ਸੰਕੇਤ ਹੈ।
ਮਾਣੂੰਕੇ ਨੇ ਕਿਹਾ ਕਿ ਅਤਿ ਮੰਦਭਾਗਾ ਹੈ ਕਿ ਮੰਤਰੀ ਦੀ ਸ਼ਮੂਲੀਅਤ ਦੀ ਜਾਂਚ ਪੜਤਾਲ ਕਰ ਰਹੇ ਅਧਿਕਾਰੀਆਂ ਨੂੰ ਵੀ ਮੰਤਰੀ ਵੱਲੋਂ ਡਰਾਇਆ ਤੇ ਧਮਕਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਧਮਕਾਉਣ ਦੀਆਂ ਆਡੀਓ ਮੀਡੀਆ ਵਿੱਚ ਕਾਫ਼ੀ ਸਮੇਂ ਤੋਂ ਚੱਲ ਰਹੀਆਂ ਹਨ ਪਰ ਸਰਕਾਰ ਇਸ ਸਬੰਧੀ ਅੱਖਾਂ ਮੀਚ ਕੇ ਬੈਠੀ ਹੈ।