ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਉਮੀਦਵਾਰ ਗੁਰਮੇਲ ਸਿੰਘ ਨੇ ਹਲਕੇ ਦੇ ਵੋਟਰਾਂ ਨਾਲ ਨਿੱਜੀ ਸੰਪਰਕ ਕਰਨ ਲਈ ਸੋਮਵਾਰ ਨੂੰ ਕਰੀਬ 20 ਪਿੰਡਾਂ ਦਾ ਦੌਰਾ ਕੀਤਾ। 
ਗੁਰਮੇਲ ਸਿੰਘ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਲੋਕ ਭਲਾਈ ਕੰਮਾਂ ਦੇ ਆਧਾਰ ’ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ,  ਜਿਹੜੇ ਕੰਮ ਸਰਕਾਰ ਨੇ ਮਾਤਰ ਤਿੰਨ ਮਹੀਨਿਆਂ ’ਚ ਕੀਤੇ ਹਨ। ਵਿਰੋਧੀ ਪਾਰਟੀ ਵੱਲੋਂ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਦੁੱਖਦਾਈ ਮੌਤ ਦਾ ਰਾਜਨੀਤੀਕਰਨ ’ਤੇ ਦੁੱਖ ਪ੍ਰਗਟ ਕਰਦਿਆਂ ਗੁਰਮੇਲ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਹੱਕ ’ਚ ਜਾਰੀ ਕੀਤੇ ਚੋਣਾਵੀਂ ਗੀਤ ’ਚ ਮਰਹੂਮ ਗਾਇਕ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਹੈ, ਜੋ ਦੁੱਖੀ ਪਰਿਵਾਰ ਅਤੇ ਪ੍ਰਸੰਸਕਾਂ ਦੇ ਦਿਲਾਂ ’ਤੇ ਸੱਟ ਮਾਰਨ ਬਰਾਬਰ ਹੈ। 



ਗੁਰਮੇਲ ਸਿੰਘ ਨੇ ਕਿਹਾ, ‘‘ਇੱਕ ਮਾਂ ਨੇ ਆਪਣਾ ਬੇਟਾ ਖੋਹ ਦਿੱਤਾ ਹੈ, ਪਰ ਇਹ ਬਹੁਤ ਦੁੱਖਦਾਈ ਹੈ ਕਿ ਕਾਂਗਰਸ ਚੋਣਾ ’ਚ ਉਸਦੀ ਮੌਤ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਨੂੰ ਅਜਿਹਾ ਨਾ ਕਰਕੇ ਪਰਿਵਾਰ ਅਤੇ ਪ੍ਰਸੰਸਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਬਚਣਾ ਚਾਹੀਦਾ ਸੀ।’’ 



ਸੂਬੇ ਦੀ ਕਾਨੂੰਨ ਵਿਵਸਥਾ ਲਈ ‘ਆਪ’ ਸਰਕਾਰ ਨੂੰ ਨਿਸ਼ਾਨੇ ’ਤੇ ਲੈਣ ਲਈ ਵਿਰੋਧੀ ਪਾਰਟੀਆਂ ਦੀਆਂ ਅਲੋਚਨਾ ਕਰਦਿਆਂ ਗੁਰਮੇਲ ਸਿੰਘ ਨੇ ਕਿਹਾ ਕਿ ਇਨਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਪਿਛਲੇ 70 ਸਾਲਾਂ ’ਚ ਗੈਂਗਸਟਰਾਂ ਨੂੰ ਪਨਾਹ ਅਤੇ ਸੁਰੱਖਿਆ ਦਿੱਤੀ ਹੈ, ਪਰ ਇਹ ਪਾਰਟੀਆਂ ਕੇਵਲ ਤਿੰਨ ਮਹੀਨਿਆਂ ਵਾਲੀ ਭਗਵੰਤ ਮਾਨ ਸਰਕਾਰ ਦੇ ਸਿਰ ਦੋਸ਼ ਮੜ੍ਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ‘ਆਪ’ ਸਰਕਾਰ ਵੱਲੋਂ ਲਏ ਫ਼ੈਸਲਿਆਂ ਅਤੇ ਸਰਕਾਰ ਦੀ ਸ਼ਾਖ ਖ਼ਰਾਬ ਕਰਨ ਲਈ ਹੋਛੇ ਰਾਜਨੀਤਿਕ ਹੱਥਕੰਡੇ ’ਤੇ ਉਤਰ ਆਈਆਂ ਹਨ।