ਮਾਨਸਾ : ਸਹਿਕਾਰੀ ਸੁਸਾਇਟੀ ਵਿੱਚ ਨੌਕਰੀ ਲਈ ਸਿਲੈਕਟ ਹੋਈ ਲੜਕੀ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਉਪਰ ਉਸ ਦੀ ਜਗ੍ਹਾ ਆਪਣੇ ਚਹੇਤੇ ਨੂੰ ਰੱਖਣ ਦੇ ਦੋਸ਼ ਲਗਾਏ ਹਨ। ਉਸ ਨੇ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਵਿਧਾਇਕ ਵੱਲੋਂ ਉਸ ਨੂੰ ਕਿਸੇ ਹੋਰ ਜਗ੍ਹਾ ਨੌਕਰੀ ਦੇਣ ਦਾ ਝਾਂਸਾ ਦਿੱਤਾ ਗਿਆ ਹੈ। ਪੀੜਤ ਲੜਕੀ ਵੱਲੋਂ ਵਿਧਾਇਕ ਉਪਰ ਬਦਸਲੂਕੀ ਕਰਨ ਦੇ ਵੀ ਇਲਜਾਮ ਲਗਾਏ ਹਨ ਤੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਇਨਸਾਫ਼ ਦੀ ਮੰਗ ਕੀਤੀ ਹੈ।



ਹਾਸਲ ਜਾਣਕਾਰੀ ਮੁਤਾਬਕ ਹਲਕਾ ਸਰਦੂਲਗੜ੍ਹ ਦੇ ਪਿੰਡ ਫੱਤਾ ਮਾਲੋਕਾ ਦੀ ਲੜਕੀ ਗੁਰਪ੍ਰੀਤ ਕੌਰ ਨੇ ਹਲਕੇ ਦੇ ਵਿਧਾਇਕ ਤੇ ਉਸ ਦੀ ਨੌਕਰੀ ਖੋਹਣ ਦੇ ਦੋਸ਼ ਲਗਾਏ ਹਨ। ਲੜਕੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਨੂੰ ਮਿਲ ਕੇ ਵਿਧਾਇਕ ਦੀ ਸ਼ਿਕਾਇਤ ਕਰ ਇਨਸਾਫ਼ ਦੀ ਮੰਗ ਕੀਤੀ ਹੈ। ਪੀੜਤ ਲੜਕੀ ਨੇ ਦੱਸਿਆ ਕਿ ਮਾਨਸਾ ਜਿਲ੍ਹੇ ਵਿੱਚ ਬਿਜਨੈਸ ਕਾਰਸਪਡੈਂਟ ਦੀਆਂ ਸਹਿਕਾਰੀ ਸੁਸਾਇਟੀਆਂ ਵਿੱਚ 19 ਪੋਸਟਾਂ ਆਈਆਂ ਸਨ ਤੇ ਉਸ ਨੇ ਅਪਲਾਈ ਵੀ ਕੀਤਾ।

ਇਸ ਤੋਂ ਬਾਅਦ ਉਸ ਦੀ ਮੈਰਿਟ ਦੇ ਆਧਾਰ ਤੇ ਸਿਲੈਕਸ਼ਨ ਹੋ ਗਈ ਤੇ ਉਸ ਤੋਂ ਬਾਅਦ ਸੁਸਾਇਟੀ ਦੇ ਪ੍ਰਧਾਨ ਤੇ ਏਆਰ ਦੀ ਹਾਜਰੀ ਵਿੱਚ ਇੰਟਰਵਿਊ ਹੋਇਆ। ਇਸ ਵਿੱਚ ਉਸ ਨੂੰ ਨੌਕਰੀ ਲਈ ਯੋਗ ਪਾਇਆ ਗਿਆ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਵੱਲੋਂ ਆਪਣੇ ਚਹੇਤੇ ਨੂੰ ਰੱਖ ਲਿਆ ਗਿਾ।

ਜਦੋਂ ਉਨ੍ਹਾਂ ਨੇ ਵਿਧਾਇਕ ਦੇ ਦਫ਼ਤਰ ਜਾ ਕੇ ਗੱਲ ਕੀਤੀ ਤਾਂ ਉਹ ਬਦਸਲੂਕੀ ਨਾਲ ਪੇਸ਼ ਆਏ ਤੇ ਕਹਿਣ ਲੱਗੇ ਕਿ ਮੈਂ ਜੁਬਾਨ ਦੇ ਚੁੱਕਾ ਹਾਂ, ਉਸ ਜਗ੍ਹਾ ਤਾਂ ਹੁਣ ਉਹ ਮੰਡਾ ਹੀ ਲੱਗੇਗਾ ਤੇ ਤਹਾਨੂੰ ਕਿਸੇ ਹੋਰ ਜਗ੍ਹਾ ਨੌਕਰੀ ਦੇ ਦਿੰਦੇ ਹਾਂ। ਇਸ ਤੋਂ ਬਾਅਦ ਲੜਕੀ ਨੇ ਮਨਾ ਕਰ ਦਿੱਤਾ ਤੇ ਇਸ ਜਗ੍ਹਾ ਤੇ ਲੱਗਣ ਲਈ ਕਿਹਾ ਪਰ ਉਨ੍ਹਾਂ ਸਾਫ਼ ਕਰ ਦਿੱਤਾ ਕਿ ਜਿੱਥੇ ਮਰਜੀ ਚਲੇ ਜਾਊ, ਉਸ ਜਗ੍ਹਾ ਤਾਂ ਉਹ ਲੜਕਾ ਹੀ ਲੱਗੇਗਾ।

ਲੜਕੀ ਨੇ ਕਿਹਾ ਕਿ ਬਾਅਦ ਵਿੱਚ ਮੈਨੂੰ ਕਿਸੇ ਹੋਰ ਪਿੰਡ ਵਿੱਚ ਸੁਸਾਇਟੀ ਵਿੱਚ ਪੋਸਟਾਂ ਦੇ ਇਸ਼ਤਿਹਾਰ ਵੱਟਸਅਪ ਕਰਕੇ ਨੌਕਰੀ ਦਾ ਝਾਂਸਾ ਦੇਣ ਲੱਗੇ। ਪੀੜਤਾ ਨੇ ਇਸ ਦੀ ਸਿਕਾਇਤ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਕੋਲ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ।

ਉਧਰ ਵਿਧਾਇਕ ਗੁਰਪ੍ਰੀਤ ਬਣਾਵਾਲੀ ਨੇ ਕਿਹਾ ਕਿ ਇਹ ਜਿਹੜੀ ਜੌਬ ਸੀ, ਇਸ ਬਾਰੇ ਉਨ੍ਹਾਂ ਨੂੰ ਕੱਲ੍ਹ ਪਤਾ ਲੱਗਾ ਹੈ ਤੇ ਇਸ ਲਈ ਕਮੇਟੀ ਬਣੀ ਹੋਈ ਹੈ ਜਿਸ ਵਿੱਚ ਡੀਆਰ ਤੇ ਡੀਐਮ ਕਮੇਟੀ ਵਿੱਚ ਹਨ ਤੇ ਕੁਝ ਹੋਰ ਨੁਮਾਇਦੇ ਵੀ ਹਨ। ਉਨ੍ਹਾਂ ਕਿਹਾ ਕਿ ਮੇਰਾ ਇਸ ਵਿੱਚ ਕੋਈ ਰੋਲ ਨਹੀਂ ਤੇ ਸੁਸਾਇਟੀ ਦੇ ਮੈਂਬਰ ਹਨ ਤੇ ਜਿਹੜੇ ਵੀ ਡੀਆਰ ਤੇ ਡੀਐਮ ਨੇ ਸਿਲੈਕਸ਼ਨ ਕੀਤੀ ਹੈ ਇਹ ਤਾਂ ਉਹ ਦੱਸ ਸਕਦੇ ਹਨ।