ਬਟਾਲਾ : ਬਟਾਲਾ (Batala) ਨੇੜੇ ਵੀਰਵਾਰ ਦੁਪਹਿਰ ਨੂੰ ਇਕ ਵੱਡਾ ਸਕੂਲ ਬੱਸ ਹਾਦਸਾ ਵਾਪਰਿਆ ਸੀ। ਹੁਣ ਇਸ ਮਾਮਲੇ 'ਚ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਨੇ ਵੱਡੀ ਕਰਵਾਈ ਕੀਤੀ ਹੈ। ਪੁਲਿਸ ਨੇ ਬੱਸ ਡਰਾਇਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਨਾੜ ਸਾੜਨ ਵਾਲਾ ਅਣਪਛਾਤਾ ਵੀ ਨਾਮਜਦ ਕੀਤਾ ਗਿਆ ਹੈ।
ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਨੇ ਏਅੇੈਸਆਈ ਬਲਜਿੰਦਰ ਸਿੰਘ ਦੇ ਬਿਆਨਾਂ 'ਤੇ ਡਰਾਇਵਰ ਜਗਪ੍ਰੀਤ ਸਿੰਘ ਤੇ ਅਣਪਛਾਤੇ ਵਿਅਕਤੀ (ਨਾੜ ਸਾੜਨ ਵਾਲੇ) ਦੇ ਖਿਲਾਫ 279, 336, 337,427, 188 ਤਹਿਤ ਮਾਮਲਾ ਦਰਜ ਕੀਤਾ ਹੈ। ਅੇੈਸਅੇੈਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੱਸ ਚਾਲਕ ਜਗਪ੍ਰੀਤ ਸਿੰਘ ਵਾਸੀ ਬਿਜਲੀਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਨਾੜ ਨੂੰ ਅੱਗ ਲਾਉਣ ਵਾਲੇ ਦੀ ਸ਼ਨਾਖਤ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸ੍ਰੀ ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਦੀ ਬੱਸ ਵਿਚ 42 ਬੱਚੇ ਸਵਾਰ ਸਨ। ਸ੍ਰੀ ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਦੀ ਬੱਸ ਵੀਰਵਾਰ ਦੁਪਹਿਰ ਨੂੰ ਛੁੱਟੀ ਹੋਣ ਉਪਰੰਤ ਬੱਚਿਆਂ ਨੂੰ ਸਕੂਲ ਤੋਂ ਘਰ ਛੱਡਣ ਜਾ ਰਹੀ, ਜਦੋਂ ਬੱਸ ਨਵਾਂ ਪਿੰਡ ਬਰਕੀਵਾਲ ਨੇੜੇ ਪਹੁੰਚੀ ਤਾਂ ਬੱਸ ਦਾ ਚਾਲਕ ਧੂੰਏਂ ਕਾਰਨ ਕੁਝ ਵੀ ਵਿਖਾਈ ਨਾ ਦੇਣ ਕਾਰਨ ਸੰਤੁਲਨ ਗਵਾ ਬੈਠਾ ਅਤੇ ਬੱਸ ਖੇਤਾਂ ਵਿੱਚ ਜਾ ਪਲਟੀ।
ਨਾੜ ਨੂੰ ਲੱਗੀ ਅੱਗ ਨੇ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਸੱਤ ਬੱਚੇ ਝੁਲਸ ਗਏ। ਇਸ ਭਿਆਨਕ ਹਾਦਸੇ ਵਿਚ ਬੱਸ ’ਚ ਸਵਾਰ 29 ਬੱਚਿਆਂ ਦੇ ’ਚੋਂ 7 ਬੱਚੇ ਝੁਲਸ ਕੇ ਜਖ਼ਮੀ ਹੋ ਗਏ, ਜਦਕਿ ਇਲਾਕਾ ਨਿਵਾਸੀਆਂ ਨੇ ਭਾਰੀ ਜਦੋ-ਜਹਿਦ ਤੋਂ ਬਾਅਦ ਬੱਸ ਵਿਚ ਸਵਾਰ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ,ਜਿਨ੍ਹਾਂ ਨੂੰ ਬਟਾਲਾ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਤਿੰਨ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।