ਚੰਡੀਗੜ੍ਹ: ਪੰਜਾਬ ਵਿੱਚ ਪਸ਼ੂਆਂ ਵਿੱਚ ਲੰਪੀ ਸਕਿੱਨ ਦੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਹੁਣ ਤੱਕ ਸੈਂਕੜੇ ਪਸ਼ੂ ਮਾਰੇ ਗਏ ਹਨ। ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਲੰਪੀ ਸਕਿੱਨ ਦੀ ਰੋਕਥਾਮ ਲਈ ਮੁੱਖ ਦਫਤਰ ’ਚ ਤਾਇਨਾਤ ਅਧਿਕਾਰੀਆਂ ਨੂੰ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਆਰਜ਼ੀ ਤੌਰ ’ਤੇ ਤਾਇਨਾਤ ਕੀਤਾ ਹੈ। 



ਮੰਤਰੀ ਨੇ ਦੱਸਿਆ ਕਿ ਬਿਮਾਰੀ ਵਧਣ ਤੇ ਅਮਲੇ ਦੀ ਘਾਟ ਦੇ ਸਨਮੁਖ ਪੰਜ ਜ਼ਿਲ੍ਹਿਆਂ ’ਚ ਮੁੱਖ ਦਫ਼ਤਰ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵੈਟਰਨਰੀ ਅਫ਼ਸਰ ਡਾ. ਪ੍ਰੀਤੀ ਸਿੰਘ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਵੈਟਰਨਰੀ ਅਫ਼ਸਰ ਡਾ. ਕਰਨ ਗੋਇਲ ਨੂੰ ਫਾਜ਼ਿਲਕਾ, ਵੈਟਰਨਰੀ ਅਫਸਰ ਡਾ. ਹਰਿੰਦਰ ਸਿੰਘ ਨੂੰ ਬਰਨਾਲਾ, ਵੈਟਰਨਰੀ ਅਫਸਰ ਡਾ. ਅਨਿਲ ਸੇਠੀ ਨੂੰ ਬਠਿੰਡਾ ਅਤੇ ਵੈਟਰਨਰੀ ਅਫਸਰ ਡਾ. ਪਰਮਪਾਲ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ’ਚ ਆਰਜ਼ੀ ਤੌਰ ’ਤੇ ਲਾਇਆ ਹੈ। ਇਹ ਅਧਿਕਾਰੀ 31 ਅਗਸਤ ਤੱਕ ਹਰ ਸਥਿਤੀ ’ਤੇ ਨਜ਼ਰ ਰੱਖਣਗੇ।  



ਦੱਸ ਦਈਏ ਕਿ ਪੰਜਾਬ ਵਿੱਚ ਚਮੜੀ ਰੋਗ (ਲੰਪੀ ਸਕਿੱਨ) ਕਰਕੇ ਹੁਣ ਤੱਕ 300 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਬਿਮਾਰ ਪਸ਼ੂਆਂ ਦਾ ਅੰਕੜਾ 11 ਹਜ਼ਾਰ ਤੱਕ ਪੁੱਜ ਗਿਆ ਹੈ। ਇਸ ਕਾਰਨ ਪਸ਼ੂ ਪਾਲਕਾਂ ਵਿੱਚ ਘਬਰਾਹਟ ਪਾਈ ਜਾ ਰਹੀ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਵਿਚ ਚਮੜੀ ਰੋਗ ਕਰਕੇ ਪਸ਼ੂ ਬਿਮਾਰ ਹੋ ਰਹੇ ਹਨ। ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਫ਼ਿਲਹਾਲ ਪਸ਼ੂ ਮੇਲੇ ਨਹੀਂ ਲੱਗਣਗੇ। ਉਨ੍ਹਾਂ ਕਿਹਾ ਕਿ ਜਿਉਂ ਹੀ ਬਿਮਾਰੀ ਨੂੰ ਠੱਲ੍ਹ ਪਏਗੀ, ਪਸ਼ੂ ਮੇਲੇ ਮੁੜ ਬਹਾਲ ਹੋ ਜਾਣਗੇ। 



ਹਾਸਲ ਵੇਰਵਿਆਂ ਅਨੁਸਾਰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਬਿਮਾਰੀ ਨੇ ਜ਼ਿਆਦਾ ਪਸ਼ੂ ਲਪੇਟ ਵਿਚ ਲਏ ਹਨ। ਫ਼ਾਜ਼ਿਲਕਾ, ਮੁਕਤਸਰ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਵਿੱਚ ਪਸ਼ੂ ਇਸ ਬਿਮਾਰੀ ਨਾਲ ਜ਼ਿਆਦਾ ਮਰੇ ਹਨ। ਪਸ਼ੂ ਪਾਲਣ ਮਹਿਕਮੇ ਨੇ ਕੰਟਰੋਲ ਰੂਮ ਸਥਾਪਿਤ ਕਰਕੇ ਨੋਡਲ ਅਧਿਕਾਰੀ ਲਾ ਦਿੱਤੇ ਹਨ ਪਰ ਪਸ਼ੂ ਡਿਸਪੈਂਸਰੀਆਂ ਵਿੱਚ ਦਵਾਈ ਦੇ ਢੁਕਵੇਂ ਪ੍ਰਬੰਧ ਨਹੀਂ ਹਨ। ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ.ਸੁਭਾਸ਼ ਚੰਦਰ ਗੋਇਲ ਨੇ ਦੱਸਿਆ ਕਿ ਹੁਣ ਇਸ ਬਿਮਾਰੀ ਨੂੰ ਮੋੜਾ ਪੈ ਗਿਆ ਹੈ।