ਚੰਡੀਗੜ੍ਹ: ਪੰਜਾਬ ਵਿਚ ਚਮੜੀ ਰੋਗ (Skin disease in Punjab (lumpy skin) ਕਰਕੇ ਹੁਣ ਤੱਕ ਸੈਂਕੜੇ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਬਿਮਾਰ ਪਸ਼ੂਆਂ ਦਾ ਅੰਕੜਾ 11 ਹਜ਼ਾਰ ਤੱਕ ਪੁੱਜ ਗਿਆ ਹੈ। ਹਾਲਾਤ ਨੂੰ ਵੇਖਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਚਮੜੀ ਰੋਗ ਕਰਕੇ ਪਸ਼ੂ ਬਿਮਾਰ ਹੋ ਰਹੇ ਹਨ ਤੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਫ਼ਿਲਹਾਲ ਪਸ਼ੂ ਮੇਲੇ ਨਹੀਂ ਲੱਗਣਗੇ। ਉਨ੍ਹਾਂ ਕਿਹਾ ਕਿ ਜਿਉਂ ਹੀ ਬਿਮਾਰੀ ਨੂੰ ਠੱਲ੍ਹ ਪਏਗੀ, ਪਸ਼ੂ ਮੇਲੇ ਮੁੜ ਬਹਾਲ ਹੋ ਜਾਣਗੇ। 



ਹਾਸਲ ਜਾਣਕਾਰੀ ਅਨੁਸਾਰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਬਿਮਾਰੀ ਨੇ ਜ਼ਿਆਦਾ ਪਸ਼ੂ ਲਪੇਟ ਵਿਚ ਲਏ ਹਨ। ਫ਼ਾਜ਼ਿਲਕਾ, ਮੁਕਤਸਰ ਤੇ ਫ਼ਰੀਦਕੋਟ ਜ਼ਿਲ੍ਹਿਆਂ ਵਿਚ ਪਸ਼ੂ ਇਸ ਬਿਮਾਰੀ ਨਾਲ ਜ਼ਿਆਦਾ ਮਰੇ ਹਨ। ਪਸ਼ੂ ਪਾਲਣ ਮਹਿਕਮੇ ਨੇ ਕੰਟਰੋਲ ਰੂਮ ਸਥਾਪਤ ਕਰਕੇ ਨੋਡਲ ਅਧਿਕਾਰੀ ਲਾ ਦਿੱਤੇ ਹਨ ਪਰ ਪਸ਼ੂ ਡਿਸਪੈਂਸਰੀਆਂ ਵਿਚ ਦਵਾਈ ਦੇ ਢੁਕਵੇਂ ਪ੍ਰਬੰਧ ਨਹੀਂ ਹਨ। ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਸੁਭਾਸ਼ ਚੰਦਰ ਗੋਇਲ ਨੇ ਦੱਸਿਆ ਕਿ ਹੁਣ ਇਸ ਬਿਮਾਰੀ ਨੂੰ ਮੋੜਾ ਪੈ ਗਿਆ ਹੈ। 



ਉਧਰ, ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਲੰਪੀ ਸਕਿੱਨ ਦੀ ਰੋਕਥਾਮ ਲਈ ਮੁੱਖ ਦਫਤਰ ’ਚ ਤਾਇਨਾਤ ਅਧਿਕਾਰੀਆਂ ਨੂੰ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਆਰਜ਼ੀ ਤੌਰ ’ਤੇ ਤਾਇਨਾਤ ਕੀਤਾ ਹੈ। ਮੰਤਰੀ ਭੁੱਲਰ ਨੇ ਦੱਸਿਆ ਕਿ ਬਿਮਾਰੀ ਵਧਣ ਤੇ ਅਮਲੇ ਦੀ ਘਾਟ ਦੇ ਸਨਮੁਖ ਪੰਜ ਜ਼ਿਲ੍ਹਿਆਂ ’ਚ ਮੁੱਖ ਦਫ਼ਤਰ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। 


ਉਨ੍ਹਾਂ ਦੱਸਿਆ ਕਿ ਵੈਟਰਨਰੀ ਅਫ਼ਸਰ ਡਾ. ਪ੍ਰੀਤੀ ਸਿੰਘ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਵੈਟਰਨਰੀ ਅਫ਼ਸਰ ਡਾ. ਕਰਨ ਗੋਇਲ ਨੂੰ ਫਾਜ਼ਿਲਕਾ, ਵੈਟਰਨਰੀ ਅਫਸਰ ਡਾ. ਹਰਿੰਦਰ ਸਿੰਘ ਨੂੰ ਬਰਨਾਲਾ, ਵੈਟਰਨਰੀ ਅਫਸਰ ਡਾ. ਅਨਿਲ ਸੇਠੀ ਨੂੰ ਬਠਿੰਡਾ ਅਤੇ ਵੈਟਰਨਰੀ ਅਫਸਰ ਡਾ. ਪਰਮਪਾਲ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ’ਚ ਆਰਜ਼ੀ ਤੌਰ ’ਤੇ ਲਾਇਆ ਹੈ। ਇਹ ਅਧਿਕਾਰੀ 31 ਅਗਸਤ ਤੱਕ ਹਰ ਸਥਿਤੀ ’ਤੇ ਨਜ਼ਰ ਰੱਖਣਗੇ।